ਪਟਿਆਲਾ 10 Jan 2026 AJ DI Awaaj
Punjab Desk : ਸਾਬਕਾ ਇੰਸਪੈਕਟਰ ਜਨਰਲ ਅਮਰ ਸਿੰਘ ਚਾਹਲ ਨਾਲ ਜੁੜੇ 8.10 ਕਰੋੜ ਰੁਪਏ ਦੇ ਹਾਈ-ਪ੍ਰੋਫਾਈਲ ਧੋ*ਖਾਧੜੀ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕੇਸ ਵਿੱਚ ਮੁੰਬਈ, ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਚੰਦਰਕਾਂਤ ਦੀ ਸ਼ੁੱਕਰਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌ*ਤ ਹੋ ਗਈ।
ਜਾਣਕਾਰੀ ਮੁਤਾਬਕ, ਚੰਦਰਕਾਂਤ ਇੱਕ ਸਿਮ ਕਾਰਡ ਡੀਲਰ ਸੀ ਅਤੇ ਉਸ ’ਤੇ ਦੋਸ਼ ਸੀ ਕਿ ਉਸ ਨੇ ਧੋਖਾਧੜੀ ਨੈੱਟਵਰਕ ਨਾਲ ਜੁੜੇ ਦੋਸ਼ੀਆਂ ਅਤੇ ਦੁਬਈ ਵਿੱਚ ਬੈਠੇ ਕਿੰਗਪਿਨ ਨੂੰ ਸਿਮ ਕਾਰਡ ਐਕਟੀਵੇਟ ਕਰਵਾ ਕੇ ਮੁਹੱਈਆ ਕਰਵਾਏ ਸਨ। ਇਹ ਸਿਮ ਕਾਰਡ ਧੋਖਾਧੜੀ ਲਈ ਵਰਤੇ ਗਏ ਸਨ।
48 ਸਾਲਾ ਚੰਦਰਕਾਂਤ ਨੂੰ 3 ਜਨਵਰੀ ਨੂੰ ਪਟਿਆਲਾ ਪੁਲਿਸ ਟਰਾਂਜ਼ਿਟ ਰਿਮਾਂਡ ’ਤੇ ਮੁੰਬਈ ਤੋਂ ਪਟਿਆਲਾ ਲੈ ਕੇ ਆਈ ਸੀ। ਅਗਲੇ ਦਿਨ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਜਨਵਰੀ ਤੱਕ ਪੁਲਿਸ ਰਿਮਾਂਡ ਮਿਲਿਆ। ਹਿਰਾਸਤ ਦੌਰਾਨ ਉਸ ਦੀ ਤਬੀਅਤ ਵਿਗੜ ਗਈ, ਜਿਸ ਕਾਰਨ 5 ਜਨਵਰੀ ਨੂੰ ਉਸਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਿਪੋਰਟਾਂ ਅਨੁਸਾਰ ਉਹ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਰਹੀ।
ਇਸ ਦਰਮਿਆਨ, ਚੰਦਰਕਾਂਤ ਦੇ ਵਕੀਲ ਵੱਲੋਂ ਉਸ ਲਈ ਜ਼ਮਾਨਤ ਅਰਜ਼ੀ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ। ਅਦਾਲਤ ਨੇ ਮੈਡੀਕਲ ਰਿਕਾਰਡ ਮੰਗੇ ਸਨ, ਪਰ ਰਿਕਾਰਡ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਉਸ ਦੀ ਮੌ*ਤ ਹੋ ਗਈ।
ਫਿਲਹਾਲ, ਚੰਦਰਕਾਂਤ ਦੀ ਮ੍ਰਿ*ਤਕ ਦੇਹ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਡਾਕਟਰਾਂ ਦੇ ਇੱਕ ਬੋਰਡ ਵੱਲੋਂ ਸ਼ਨੀਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਲਾ*ਸ਼ ਉਸ ਦੇ ਪਰਿਵਾਰਕ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।














