14November 2025 Aj Di Awaaj
Punjab Desk ਮਸ਼ਹੂਰ ਹਾਸ-ਰਸ ਕਲਾਕਾਰ ਸਵਰਗੀ ਜਸਵਿੰਦਰ ਭੱਲਾ ਦੇ ਬੇਟੇ ਪੁਖਰਾਜ ਭੱਲਾ ਦੇ ਡੋਪ ਟੈਸਟ ਵਿੱਚ ਕਥਿਤ ਮਿਲੀਭੁਗਤ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਦੋਸ਼ ਸਿਹਤਵਿਭਾਗ ਨੂੰ ਇੱਕ ਗੁਮਨਾਮ ਸ਼ਿਕਾਇਤਕਰਤਾ ਵੱਲੋਂ ਭੇਜੀ ਗਈ ਚਿੱਠੀ ਰਾਹੀਂ ਲਗਾਏ ਗਏ ਹਨ। ਦੋਸ਼ਾਂ ਮੁਤਾਬਕ, ਹਥਿਆਰਦਾ ਲਾਇਸੈਂਸ ਲੈਣ ਲਈ ਲਾਜ਼ਮੀ ਇਸ ਟੈਸਟ ਵਿੱਚ ਸੈਂਪਲ ਬਦਲਣ ਦੀ ਡੀਲ 40 ਹਜ਼ਾਰ ਰੁਪਏ ਵਿੱਚ ਕੀਤੀ ਗਈ ਸੀ।
ਡਾ. ਡੋਗਰਾ ਦਾ ਬਿਆਨ ਅਤੇ ਜਾਂਚ ਕਮੇਟੀ
ਡਾ. ਗਿਰੀਸ਼ ਡੋਗਰਾ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਜਾਂਚ ਸਬੰਧੀ ਪੱਤਰ ਮਿਲ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਦੇ ਪ੍ਰੋਗਰਾਮ ਕਰਕੇ ਉਹ ਜਾਂਚ ਨਹੀਂ ਕਰ ਸਕੇ, ਪਰ ਜਲਦੀ ਹੀ ਜਾਂਚ ਕਰਕੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪੀ ਜਾਵੇਗੀ।
ਇਸਦੇ ਨਾਲ ਹੀ, ਗੁਮਨਾਮ ਚਿੱਠੀ ਦੇ ਆਧਾਰ ’ਤੇ ਸੀਐੱਸਓ ਨੇ ਚਾਰ ਡਾਕਟਰਾਂ ਦੀ ਇੱਕ ਜਾਂਚ ਕਮੇਟੀ ਬਣਾਈ ਹੈ, ਤਾਂ ਜੋ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਜਾਂਚ ਵਿੱਚ ਦੇਰੀ ਨਾਲ ਰਿਪੋਰਟ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ।
ਇਲਜ਼ਾਮ ਅਤੇ ਲੈਬ ਇੰਚਾਰਜ ਦਾ ਖੰਡਨ
ਹਥਿਆਰ ਦਾ ਲਾਇਸੈਂਸ ਲੈਣ ਲਈ ਅਰਜ਼ੀ ਦੇਣ ਵਾਲੇ ਪੁਖਰਾਜ ਭੱਲਾ ਨੇ 15 ਅਕਤੂਬਰ ਨੂੰ ਮੋਹਾਲੀ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਲਈ ਸੈਂਪਲ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਪੁਖਰਾਜ ਭੱਲਾ ਨੇ ਲੈਬ ਟੈਕਨੀਸ਼ੀਅਨ ਅਵਿਨਾਸ਼ ਕੁਮਾਰ ਅਤੇ ਹਿਮਾਨੀ ਕਪੂਰ ਨਾਲ ਡਾ. ਪਰਮਿੰਦਰ ਸਿੰਘ ਦੇ ਕਮਰੇ ਵਿਚ ਹੀ 40,000 ਰੁਪਏ ਵਿੱਚ ਸੈਂਪਲ ਬਦਲਣ ਦੀ ਡੀਲ ਕੀਤੀ ਸੀ।
ਦੂਜੇ ਪਾਸੇ, ਲੈਬ ਇੰਚਾਰਜ ਡਾ. ਪਰਮਿੰਦਰ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਪੁਖਰਾਜ ਭੱਲਾ ਦੇ ਸੈਂਪਲ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਰਕੇ ਉਹਨਾਂ ਨੂੰ 17 ਅਕਤੂਬਰ ਨੂੰ ਦੁਬਾਰਾ ਸੈਂਪਲ ਦੇਣ ਲਈ ਬੁਲਾਇਆ ਗਿਆ ਸੀ, ਪਰ ਉਹ ਹਾਲੇ ਤੱਕ ਨਵਾਂ ਸੈਂਪਲ ਦੇਣ ਨਹੀਂ ਆਏ।














