ਧਰਤੀ ਹੇਠਲੇ ਪਾਣੀ ਦੀ ਬਚਾਵ ਲਈ ਹਰ ਸੰਭਵ ਯਤਨ – ਮੁੱਖ ਖੇਤੀਬਾੜੀ ਅਫਸਰ

63

ਤਰਨ ਤਾਰਨ, 19 ਮਈ 2025 Aj DI Awaaj

ਜਿਲ੍ਹਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫਸਰ, ਸ੍ਰੀ ਜਸਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਪੱਧਰ ਨੂੰ ਠੱਲ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਤਰਨ ਤਾਰਨ ਜਿਲ੍ਹੇ ਵਿੱਚ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਬਾਸਮਤੀ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।

 ਉਹਨਾਂ ਕਿਹਾ ਕਿ ਸਰਕਾਰ ਵੱਲੋ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ ਵੀ ਦਿੱਤੀ ਜਾਵੇਗੀ। ਇਸ ਰਾਸੀ ਦਾ ਲਾਭ ਲੈਣ ਲਈ ਕਿਸਾਨ www.agrimachinerypb.com ਦੇ ਡੀ.ਐਸ.ਆਰ Login ਤੇ ਜਾ ਕੇ ਆਪਣਾ ਰਕਬਾ ਰਜਿਸਟਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ ਈ-ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ। ਪ੍ਰੋਤਸਾਹਨ ਰਾਸ਼ੀ ਦੀ ਅਦਾਇਗੀ ਸਿਰਫ਼ ਅਰਜ਼ੀ ਰਜਿਸਟਰ ਕਰਨ ਵਾਲੇ ਕਿਸਾਨ ਦੇ ਰਜਿਸਟਰਡ ਬੈਂਕ ਖਾਤਾ ਨੰਬਰ ਤੇ ਹੀ ਕੀਤੀ ਜਾਵੇਗੀ।

 ਜਿਹੜੇ ਕਿਸਾਨ ਪਹਿਲਾਂ ਹੀ ਇਸ ਸਕੀਮ ਲਈ ਪਿਛਲੇ ਸਾਲ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਨੂੰ ਫਸਲ ਦੇ ਵੇਰਵੇ ਦੁਬਾਰਾ ਭਰਨ ਦੀ ਲੋੜ ਨਹੀਂ ਹੈ। ਉਹ ਲੌਗਇਨ ਕਰਨ ਤੋਂ ਬਾਅਦ ਆਪਣੇ ਪਿਛਲੇ ਸਾਲ ਦੀ ਫਸਲ ਦੇ ਵੇਰਵਿਆਂ ਨੂੰ ਜੋੜ ਜਾਂ ਮਿਟਾ ਸਕਦੇ ਹਨ। ਇੱਕ ਵਾਰ ਤਸਦੀਕ ਹੋ ਜਾਣ ਤੋਂ ਬਾਅਦ ਕਿਸਾਨ ਆਪਣੀ ਅਰਜ਼ੀ ਨੂੰ ਸੋਧਣ ਦੇ ਯੋਗ ਨਹੀਂ ਹੋਵੇਗਾ। ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਹੀ ਦਿੱਤਾ ਜਾਣਾ ਹੈ। ਉਦਾਹਰਣ ਲਈ – ਕਿਸਾਨ ਵੱਲੋਂ ਜਮੀਨ ਦਾ ਜ਼ਿਲ੍ਹਾ, ਤਹਿਸੀਲ, ਸਬ ਤਹਿਸੀਲ ,ਪਿੰਡ ,ਖੇਵਟ ਨੰਬਰ ,ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ, ਮਰਲਾ ਜਾਂ ਬਿਗਾ ਵਿਸਵਾ ਵਿੱਚ) ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 30 ਜੂਨ 2025 ਤੱਕ ਐਡਿਟ ਅਤੇ ਤਬਦੀਲੀ ਕਰ ਸਕਦਾ ਹੈ।

 ਝੋਨੇ ਦੀ ਸਿੱਧੀ ਬਿਜਾਈ ਦੀ ਦਿੱਤੀ ਗਈ ਜਾਣਕਾਰੀ ਨੂੰ ਮੋਕੇ ਤੇ ਵਿਭਾਗ ਵਲੋਂ ਨਿਯੁਕਤ ਕੀਤੇ ਗਏ ਅਧਿਕਾਰੀ ਵਲੋਂ ਤਸਦੀਕ ਕੀਤੀ ਜਾਵੇਗੀ। ਝੋਨੇ ਦੀਆ ਪੀ-ਆਰ ਹੋਰ ਕਿਸਮਾਂ ਅਤੇ ਬਾਸਮਤੀ ਕਿਸਮਾਂ ਦੀ ਰਜਿਸਟਰੇਸ਼ਨ 10 ਮਈ 2025 ਤੋਂ 30 ਜੂਨ 2025 ਤੱਕ ਕੀਤੀ ਜਾਵੇਗੀ“ ਝੋਨੇ, ਪਰਮਲ ਅਤੇ ਬਾਸਮਤੀ ਦੀਆਂ ਪੀ ਆਰ ਹੋਰ ਕਿਸਮਾਂ ਦੀ ਪਹਿਲੀ ਤਸਦੀਕ 1 ਜੁਲਾਈ ਤੋਂ 15 ਜੁਲਾਈ 2025 ਤੱਕ ਕੀਤੀ ਜਾਵੇਗੀ। ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਬੱਚਤ ਨੂੰ ਮੁੱਖ ਰੱਖਦੇ ਹੋਏ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ।