ਪੰਜਾਬ:06 Aug 2025 AJ DI Awaaj
Punjab Desk : ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਮੀਂਹ ਕਾਰਨ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਇਲਾਕਿਆਂ ਦਾ ਪਾਣੀ ਘੱਗਰ ਵਿਚ ਮਿਲ ਰਿਹਾ ਹੈ, ਜਿਸ ਕਾਰਨ ਹੜ੍ਹ ਦਾ ਖਤਰਾ ਵਧ ਗਿਆ ਹੈ।
ਪਟਿਆਲਾ ‘ਚ ਅਲਰਟ:
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਘਨੌਰ ਅਤੇ ਹੋਰ ਨੇੜਲੇ ਪਿੰਡਾਂ ਲਈ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਲੋਕਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਜ਼ਿਲ੍ਹਾ ਕੰਟਰੋਲ ਰੂਮ (ਨੰਬਰ: 0175-2350550) ‘ਤੇ ਦੇਣ ਦੀ ਅਦਾਲਤ ਕੀਤੀ ਹੈ।
ਬਿਆਸ ਅਤੇ ਸਤਲੁਜ ‘ਚ ਵੀ ਪਾਣੀ ਵਧ ਰਿਹਾ:
ਭਾਰੀ ਮੀਂਹ ਕਾਰਨ ਬਿਆਸ ਅਤੇ ਸਤਲੁਜ ਦਰਿਆਵਾਂ ਵਿਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ। ਹਰੀਕੇ ਹੈੱਡ ਤੋਂ ਹੁਸੈਨੀਵਾਲਾ ਹੈੱਡ ਤੱਕ 20,000 ਤੋਂ 25,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹੁਸੈਨੀਵਾਲਾ ‘ਚ ਤਿੰਨ ਤੋਂ ਚਾਰ ਗੇਟ ਖੋਲ੍ਹ ਕੇ ਇਹ ਪਾਣੀ ਫਾਜ਼ਿਲਕਾ ਵੱਲ ਭੇਜਿਆ ਜਾ ਰਿਹਾ ਹੈ।
ਪੌਂਗ ਡੈਮ ‘ਚ ਪਾਣੀ ਦਾ ਤੇਜ਼ ਵਾਧਾ:
ਕਾਂਗੜਾ ਅਤੇ ਹੁਸ਼ਿਆਰਪੁਰ ਦੇ ਤਲਵਾੜਾ ਵਿਖੇ ਬਿਆਸ ਦਰਿਆ ‘ਤੇ ਬਣੇ ਪੌਂਗ ਡੈਮ ਵਿੱਚ ਪਾਣੀ ਸਿਰਫ 24 ਘੰਟਿਆਂ ਵਿੱਚ ਤਿੰਨ ਫੁੱਟ ਵਧ ਗਿਆ ਹੈ। ਇਥੇ ਵੀ ਅੱਜ ਗੇਟ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨੀਵੇਂ ਇਲਾਕਿਆਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
