ਏਮਜ਼ ਦਿੱਲੀ ਨੇ ਰਚਿਆ ਮੈਡੀਕਲ ਕਰਿਸ਼ਮਾ, ਸਟੇਜ-4 ਕੈਂਸਰ ਪੀੜਤ ਮਹਿਲਾ ਦੇ ਪੇਟ ਵਿੱਚੋਂ ਕੱਢਿਆ 20 ਕਿਲੋ ਦਾ ਟਿਊਮਰ

4

23 ਜਨਵਰੀ, 2026 ਅਜ ਦੀ ਆਵਾਜ਼

Health Desk: ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਵਾਰ ਫਿਰ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਟੇਜ-4 ਕੋਲਨ ਕੈਂਸਰ ਨਾਲ ਪੀੜਤ ਇੱਕ ਮਹਿਲਾ ਮਰੀਜ਼ ਦੀ ਜਟਿਲ ਸਰਜਰੀ ਕਰਕੇ ਡਾਕਟਰਾਂ ਨੇ ਉਸਦੇ ਪੇਟ ਵਿੱਚੋਂ ਲਗਭਗ 20 ਕਿਲੋ ਵਜ਼ਨੀ ਟਿਊਮਰ ਸਫਲਤਾਪੂਰਵਕ ਕੱਢ ਦਿੱਤਾ। ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਹ ਤੇਜ਼ੀ ਨਾਲ ਸਿਹਤਯਾਬ ਹੋ ਰਹੀ ਹੈ।

ਏਮਜ਼ ਦੇ ਸਰਜੀਕਲ ਓਨਕੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਐੱਮ. ਡੀ. ਰੇ ਨੇ ਦੱਸਿਆ ਕਿ ਮਰੀਜ਼ ਨੂੰ ਵੱਡੀ ਆੰਤ (ਕੋਲਨ) ਦਾ ਕੈਂਸਰ ਸੀ, ਜੋ ਚੌਥੀ ਸਟੇਜ ਤੱਕ ਪਹੁੰਚ ਚੁੱਕਾ ਸੀ। ਕੈਂਸਰ ਕਾਰਨ ਪੇਟ ਵਿੱਚ ਬਹੁਤ ਵੱਡਾ ਟਿਊਮਰ ਬਣ ਗਿਆ ਸੀ, ਜੋ ਪੈਲਵਿਕ ਏਰੀਆ ਤੱਕ ਫੈਲ ਗਿਆ ਅਤੇ ਆਲੇ-ਦੁਆਲੇ ਦੇ ਅੰਗਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਇਸ ਹਾਲਤ ਵਿੱਚ ਸਰਜਰੀ ਕਰਨਾ ਡਾਕਟਰਾਂ ਲਈ ਇੱਕ ਵੱਡੀ ਚੁਣੌਤੀ ਸੀ।

ਡਾ. ਰੇ ਮੁਤਾਬਕ, ਪੱਛਮੀ ਬੰਗਾਲ ਦੇ ਦੁਰਗਾਪੁਰ ਦੀ ਰਹਿਣ ਵਾਲੀ 43 ਸਾਲਾ ਮਹਿਲਾ ਲੰਮੇ ਸਮੇਂ ਤੋਂ ਪੇਟ ਵਿੱਚ ਸੁੱਜਣ, ਭਾਰ ਅਤੇ ਦਰਦ ਦੀ ਸ਼ਿਕਾਇਤ ਨਾਲ ਏਮਜ਼ ਪਹੁੰਚੀ ਸੀ। ਜਾਂਚਾਂ ਤੋਂ ਬਾਅਦ ਪਤਾ ਲੱਗਿਆ ਕਿ ਕੈਂਸਰ ਸਟੇਜ-4 ਵਿੱਚ ਹੈ। ਪਹਿਲਾਂ ਮਰੀਜ਼ ਨੂੰ ਕੀਮੋਥੈਰੇਪੀ ਦੇ ਛੇ ਸੈਸ਼ਨ ਦਿੱਤੇ ਗਏ। PET-CT ਸਕੈਨ ਵਿੱਚ ਸੁਧਾਰ ਦੇ ਨਤੀਜੇ ਆਉਣ ਤੋਂ ਬਾਅਦ ਸਰਜਰੀ ਕਰਨ ਦਾ ਫੈਸਲਾ ਲਿਆ ਗਿਆ।

ਡਾਕਟਰਾਂ ਦੀ ਮਲਟੀ-ਡਿਸਿਪਲਿਨਰੀ ਟੀਮ ਨੇ ਦੋ ਪੜਾਅਾਂ ਵਿੱਚ ਸਰਜਰੀ ਕਰਦੇ ਹੋਏ ਮਲਟੀ-ਆਰਗਨ ਰੀਸੈਕਸ਼ਨ ਕੀਤਾ ਅਤੇ ਕੁੱਲ 19.9 ਕਿਲੋ ਦਾ ਟਿਊਮਰ ਸਰੀਰ ਵਿੱਚੋਂ ਕੱਢਿਆ। ਇਸ ਤੋਂ ਬਾਅਦ ਸੰਭਾਵਿਤ ਕੈਂਸਰ ਸੈੱਲਾਂ ਨੂੰ ਖਤਮ ਕਰਨ ਲਈ ਮਰੀਜ਼ ਨੂੰ HIPEC (ਹਾਈਪਰਥਰਮਿਕ ਇੰਟਰਾਪੈਰੀਟੋਨੀਅਲ ਕੀਮੋਥੈਰੇਪੀ) ਦਿੱਤੀ ਗਈ, ਜਿਸ ਵਿੱਚ ਗਰਮ ਕੀਮੋ ਦਵਾਈ ਸਿੱਧੀ ਪੇਟ ਵਿੱਚ ਦਿੱਤੀ ਜਾਂਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਚੌਥੀ ਸਟੇਜ ਦੇ ਕੈਂਸਰ ਵਿੱਚ ਇਸ ਤਰ੍ਹਾਂ ਦੀ ਸਫਲ ਸਰਜਰੀ ਅਤੇ ਰਿਕਵਰੀ ਬਹੁਤ ਹੀ ਵਿਰਲੀ ਹੁੰਦੀ ਹੈ। ਫਿਲਹਾਲ ਮਰੀਜ਼ ਦਾ ਇਲਾਜ ਸਹੀ ਦਿਸ਼ਾ ਵਿੱਚ ਚੱਲ ਰਿਹਾ ਹੈ ਅਤੇ ਉਹ ਸਿਹਤਮੰਦ ਹੋ ਰਹੀ ਹੈ। ਇਹ ਉਪਲਬਧੀ ਮੈਡੀਕਲ ਸਾਇੰਸ ਵਿੱਚ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।