ਫਾਜ਼ਿਲਕਾ 26 ਸਤੰਬਰ 2025 AJ DI Awaaj
Punjab Desk : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਇਥੇ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫਸਰਾਂ ਨਾਲ ਇੱਕ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਪ੍ਰਬੰਧਨ ਅਤੇ ਕਿਸਾਨਾਂ ਨੂੰ ਅਗਲੀ ਫਸਲ ਸਬੰਧੀ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਦੇਣ ਲਈ ਉਹ ਕਿਸਾਨਾਂ ਨਾਲ ਸਿੱਧਾ ਰਾਬਤਾ ਕਰਨ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਣਕਾਰੀ ਦੇਣ। ਉਨਾਂ ਨੇ ਆਖਿਆ ਕਿ ਜਿੰਨ੍ਹਾਂ ਪਿੰਡਾਂ ਵਿੱਚ ਬਰਸਾਤਾਂ ਜਾਂ ਹੜਾਂ ਦੇ ਪਾਣੀ ਨਾਲ ਫਸਲਾਂ ਨੂੰ ਨੁਕਸਾਨ ਹੋਇਆ ਹੈ ਉੱਥੇ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਅਗਲੀ ਫਸਲ ਦੀ ਬਿਜਾਈ ਲਈ ਤਕਨੀਕੀ ਜਾਣਕਾਰੀ ਦੇਣ ਦੇ ਨਾਲ ਨਾਲ ਜਿੱਥੇ ਕਿਤੇ ਝੋਨੇ ਦੀ ਫਸਲ ਹੈ ਉਸ ਦੀ ਵਾਢੀ ਤੋਂ ਬਾਅਦ ਪਰਾਲੀ ਪ੍ਰਬੰਧਨ ਲਈ ਵੀ ਮਾਰਗਦਰਸ਼ਨ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ ।
ਉਹਨਾਂ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਉਹਨਾਂ ਥਾਵਾਂ ਦੀ ਪਹਿਚਾਣ ਕੀਤੀ ਜਾਵੇ ਜਿੱਥੇ ਕਿਸਾਨ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਬਾਅਦ ਇਹਨਾਂ ਨੂੰ ਰੱਖ ਸਕਦੇ ਹੋਣ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਸਬਸਿਡੀ ਤੇ ਮੁਹਾਈਆਂ ਕਰਵਾਈਆਂ ਗਈਆਂ ਮਸ਼ੀਨਾਂ ਦੀ ਮੈਪਿੰਗ ਕੀਤੀ ਜਾਵੇ ਅਤੇ ਜ਼ਿਲ੍ਹੇ ਵਿੱਚ ਜਰੂਰਤ ਅਨੁਸਾਰ ਬੇਲਰਾਂ ਨਾਲ ਤਾਲਮੇਲ ਕਰਕੇ ਪ੍ਰਬੰਧ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਪਰਾਲੀ ਦਾ ਬਿਨਾਂ ਸਾੜੇ ਨਿਪਟਾਰਾ ਕੀਤਾ ਜਾ ਸਕੇ ।
ਉਹਨਾਂ ਨੇ ਕਿਹਾ ਕਿ ਹੋਟ ਸਪੋਟ ਪਿੰਡਾਂ ਵਿੱਚ ਵਿਸ਼ੇਸ਼ ਤੌਰ ਤੇ ਤਵੱਜੋ ਦਿੱਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਪਰਾਲੀ ਨੂੰ ਬਿਨਾਂ ਸਾੜੇ ਕਿਸਾਨ ਐਕਸ ਸੀਟੂ ਅਤੇ ਇਨ ਸੀਟੂ ਵਿਧੀਆਂ ਨਾਲ ਇਸ ਦਾ ਨਿਪਟਾਰਾ ਕਰਨ।
ਬੈਠਕ ਵਿੱਚ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਮੁੱਖ ਖੇਤੀਬਾੜੀ ਅਫਸਰ ਰਾਜਿੰਦਰ ਕੰਬੋਜ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨਿਅਰ ਰਵੀ ਪਾਲ ਵੀ ਹਾਜ਼ਰ ਸਨ।
