ਅਸ਼ਲੀਲ ਵੀਡੀਓ ਵਾਇਰਲ ਹੋਣ ‘ਤੇ ਕਥਾਵਾਚਕ ਖ਼ਿਲਾਫ਼ ਨਿਹੰਗ ਜਥੇਬੰਦੀਆਂ ਵੱਲੋਂ ਰੋਸ, ਸਖ਼ਤ ਕਾਰਵਾਈ ਦੀ ਮੰਗ

43

ਲੁਧਿਆਣਾ: 04 July 2025 AJ DI Awaaj

ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਪੈਂਦੇ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਦੇ ਇੱਕ ਕਥਾਵਾਚਕ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਨੇ ਖਲਬਲੀ ਮਚਾ ਦਿੱਤੀ ਹੈ। ਇਸ ਘਟਨਾ ‘ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੇਜ਼ ਰੋਸ ਪ੍ਰਗਟ ਕੀਤਾ ਗਿਆ ਹੈ ਅਤੇ ਮੁਲਜ਼ਮ ਕਥਾਵਾਚਕ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਜਥੇਬੰਦੀਆਂ ਨੇ ਦੱਸਿਆ ਕਿ ਵੀਡੀਓ ਵਿੱਚ ਨਜ਼ਰ ਆ ਰਹੀ ਮਹਿਲਾ ਕਥਾਵਾਚਕ ਦੀ ਮੂੰਹ-ਬੋਲੀ ਧੀ ਦੱਸ ਰਹੀ ਹੈ, ਜਿਸ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਜਥੇਬੰਦੀਆਂ ਦੀ ਮੰਗ ਹੈ ਕਿ ਅਜਿਹੇ ਵਿਅਕਤੀ ਨੂੰ ਗੁਰਦੁਆਰੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਅਤੇ ਉਸਨੂੰ ਗੁਰਦੁਆਰਾ ਪ੍ਰਾਂਗਣ ਤੋਂ ਤੁਰੰਤ ਬਾਹਰ ਕੀਤਾ ਜਾਵੇ।

ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੇ ਪੱਧਰ ‘ਤੇ ਵੀ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਕਥਾਵਾਚਕ ਹਾਲੇ ਤੱਕ ਫਰਾਰ ਹੈ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਹੈ। ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਅਤੇ ਉਮੀਦ ਹੈ ਕਿ ਜਲਦ ਕਾਰਵਾਈ ਹੋਵੇਗੀ।

ਥਾਣਾ ਮੁਖੀ ਵਿਜੇ ਕੁਮਾਰ ਨੇ ਵੀ ਪੁਸ਼ਟੀ ਕੀਤੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਮਾਮਲੇ ਤੋਂ ਪੱਲਾ ਛੱਡਿਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਵੀਡੀਓ ਗੁਰਦੁਆਰੇ ਦੇ ਕਿਸੇ ਵੀ ਕਮਰੇ ਦੀ ਨਹੀਂ ਹੈ। ਪੁਲਿਸ ਅਧਿਕਾਰੀ ਨੇ ਆਸ਼ਵਾਸਨ ਦਿੱਤਾ ਕਿ ਪੂਰੀ ਜਾਂਚ ਕਰਕੇ ਜਲਦ ਕਾਰਵਾਈ ਕੀਤੀ ਜਾਵੇਗੀ।

ਇਸ ਮਾਮਲੇ ਨੇ ਸਿਰਫ ਧਾਰਮਿਕ ਜਥੇਬੰਦੀਆਂ ਹੀ ਨਹੀਂ, ਸਗੋਂ ਆਮ ਸੰਗਤ ਵਿਚ ਵੀ ਨਾਰਾਜ਼ਗੀ ਦੀ ਲਹਿਰ ਪੈਦਾ ਕਰ ਦਿੱਤੀ ਹੈ।