15 ਸਾਲ ਬਾਅਦ ਪਤੀ ਨੇ ਹੋਟਲ ’ਚ ਪਤਨੀ ਨੂੰ ਰੰਗੇ ਹੱਥੀਂ ਫੜਿਆ, GPS ਨਾਲ ਕੀਤਾ ਪਿੱਛਾ

69

ਅੰਮ੍ਰਿਤਸਰ 16 Dec 2025 AJ DI Awaaj

Punjab Desk : ਪੰਜਾਬ ਦੇ ਅੰਮ੍ਰਿਤਸਰ ਤੋਂ ਵਿਆਹੀ ਜ਼ਿੰਦਗੀ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 15 ਸਾਲਾਂ ਤੋਂ ਵਿਆਹੇ ਇਕ ਜੋੜੇ ਵਿਚਕਾਰ ਧੋਖਾਧੜੀ ਦਾ ਮਾਮਲਾ ਚਰਚਾ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪਤੀ ਨੇ ਆਪਣੀ ਪਤਨੀ ਨੂੰ ਇੱਕ ਹੋਟਲ ਵਿੱਚ ਕਿਸੇ ਹੋਰ ਵਿਅਕਤੀ ਨਾਲ ਰੰਗੇ ਹੱਥੀਂ ਫੜ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਸੀ, ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਹੋ ਚੁੱਕੀ ਸੀ।

ਪੀੜਤ ਪਤੀ ਰਵੀ ਗੁਲਾਟੀ ਨੇ ਦੱਸਿਆ ਕਿ ਉਸਦਾ ਵਿਆਹ 25 ਅਪ੍ਰੈਲ 2010 ਨੂੰ ਹਿਮਾਨੀ ਨਾਲ ਹੋਇਆ ਸੀ। ਉਸ ਨੇ ਖੁਲਾਸਾ ਕੀਤਾ ਕਿ ਸਾਲ 2018 ਵਿੱਚ ਵੀ ਉਸ ਦੀ ਪਤਨੀ ਇੱਕ ਹੋਟਲ ਵਿੱਚ ਕਿਸੇ ਹੋਰ ਵਿਅਕਤੀ ਨਾਲ ਮਿਲੀ ਸੀ। ਉਸ ਸਮੇਂ ਦੋਵੇਂ ਪਰਿਵਾਰਾਂ ਦੀ ਮੀਟਿੰਗ ਹੋਈ, ਪਤਨੀ ਅਤੇ ਉਸਦੇ ਮਾਪਿਆਂ ਵੱਲੋਂ ਮੁਆਫ਼ੀ ਮੰਗੀ ਗਈ ਅਤੇ ਛੋਟੇ ਬੱਚਿਆਂ ਦੇ ਮੱਦੇਨਜ਼ਰ ਰਵੀ ਨੇ ਮਾਮਲਾ ਸਲਝਾ ਲਿਆ ਸੀ।

ਰਵੀ ਮੁਤਾਬਕ, ਇਸ ਵਾਰ ਮਾਮਲਾ ਹੋਰ ਗੰਭੀਰ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੁਪਹਿਰ ਕਰੀਬ 3 ਤੋਂ 3:30 ਵਜੇ ਘਰੋਂ ਨਿਕਲੀ ਅਤੇ ਬਾਅਦ ਵਿੱਚ ਕਈ ਵਾਰ ਫੋਨ ਕਰਨ ਦੇ ਬਾਵਜੂਦ ਕਾਲ ਨਹੀਂ ਚੁੱਕੀ। ਕਾਫ਼ੀ ਸਮੇਂ ਤੋਂ ਸ਼ੱਕ ਹੋਣ ਕਾਰਨ ਰਵੀ ਨੇ ਪਹਿਲਾਂ ਹੀ ਉਸ ਦੀ ਸਕੂਟੀ ’ਤੇ GPS ਟਰੈਕਰ ਲਗਾਇਆ ਹੋਇਆ ਸੀ। ਜਦੋਂ ਉਸ ਨੇ ਲੋਕੇਸ਼ਨ ਚੈੱਕ ਕੀਤੀ ਤਾਂ ਉਹ ਸਿੱਧਾ ਇੱਕ ਹੋਟਲ ਤੱਕ ਪਹੁੰਚ ਗਿਆ, ਜਿੱਥੇ ਉਸ ਨੇ ਆਪਣੀ ਪਤਨੀ ਨੂੰ ਰੰਗੇ ਹੱਥੀਂ ਫੜ ਲਿਆ।

ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮਾਮਲੇ ’ਤੇ ਪੱਤਰਕਾਰ ਅਤੇ ਫਿਲਮ ਨਿਰਮਾਤਾ ਦੀਪਿਕਾ ਨਾਰਾਇਣ ਭਾਰਦਵਾਜ ਨੇ X ’ਤੇ ਵੀਡੀਓ ਸਾਂਝੀ ਕਰਦਿਆਂ ਟਿੱਪਣੀ ਕੀਤੀ, ਜਿਸ ਨਾਲ ਇਹ ਮਾਮਲਾ ਹੋਰ ਵੀ ਚਰਚਾ ਵਿੱਚ ਆ ਗਿਆ।

ਰਵੀ ਦੇ ਪਿਤਾ ਪਰਵੇਜ਼ ਗੁਲਾਟੀ ਨੇ ਦੱਸਿਆ ਕਿ ਇਹ ਮਸਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਭਗ 5–7 ਸਾਲ ਪਹਿਲਾਂ ਵੀ ਉਨ੍ਹਾਂ ਦੀ ਨੂੰਹ ਇਸੇ ਤਰ੍ਹਾਂ ਫੜੀ ਗਈ ਸੀ ਅਤੇ ਉਸ ਸਮੇਂ ਦੋਵੇਂ ਪਰਿਵਾਰਾਂ ਨੇ ਮਿਲ ਕੇ ਮਾਮਲਾ ਸੁਲਝਾ ਲਿਆ ਸੀ। ਉਹ ਮੀਟਿੰਗ ਇੱਕ ਵਿਧਾਇਕ ਦੇ ਘਰ ਹੋਈ ਸੀ ਅਤੇ ਪਰਿਵਾਰ ਨੂੰ ਲੱਗਿਆ ਸੀ ਕਿ ਮਸਲਾ ਖਤਮ ਹੋ ਗਿਆ ਹੈ।

ਹੁਣ ਮੁੜ ਵਾਪਰੀ ਘਟਨਾ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਔਰਤ ਨੇ ਸਾਫ਼ ਕਿਹਾ ਹੈ ਕਿ ਉਹ ਹੁਣ ਰਵੀ ਨਾਲ ਨਹੀਂ ਰਹਿਣਾ ਚਾਹੁੰਦੀ ਅਤੇ ਆਪਣੇ ਮਾਪਿਆਂ ਦੇ ਘਰ ਜਾਣਾ ਚਾਹੁੰਦੀ ਹੈ। ਪਰਵੇਜ਼ ਗੁਲਾਟੀ ਨੇ ਇਹ ਵੀ ਦੱਸਿਆ ਕਿ ਜਿਸ ਵਿਅਕਤੀ ਨਾਲ ਉਸਨੂੰ ਹੋਟਲ ਵਿੱਚ ਦੇਖਿਆ ਗਿਆ, ਉਸਨੂੰ ਔਰਤ ਪਹਿਲਾਂ ਪਰਿਵਾਰ ਅੱਗੇ ਆਪਣਾ ਭਰਾ ਦੱਸਦੀ ਰਹੀ ਸੀ ਅਤੇ ਉਹ ਅਕਸਰ ਘਰ ਵੀ ਆਉਂਦਾ ਸੀ।

ਫਿਲਹਾਲ ਮਾਮਲਾ ਚਰਚਾ ਵਿੱਚ ਹੈ ਅਤੇ ਪਰਿਵਾਰ ਵੱਲੋਂ ਦੂਜੇ ਪੱਖ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।