ਬਰਨਾਲਾ, 19 ਅਗਸਤ 2025 AJ DI Awaaj
Punjab Desk : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾਂ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਰਾਸ਼ਟਰੀ ਪ੍ਰੋਗਰਾਮ ਗੈਰ ਸੰਚਾਰੀ ਬਿਮਾਰੀਆਂ ਵਿਭਾਗ ਅਨੁਸਾਰ ਤੰਦਰੁਸਤ ਰਹੋ ਸੁਰੱਖਿਅਤ ਰਹੋ ਜਿੰਮ ਜਾਣ ਵਾਲਿਆਂ ਅਤੇ ਖਿਡਾਰੀਆਂ ਲਈ ਸਿਹਤ ਸਬੰਧੀ ਸਲਾਹਕਾਰੀ ਜਾਰੀ ਕੀਤੀ ਗਈ ਹੈ ਤਾਂ ਜੋ ਜਿੰਮ ਵਿੱਚ ਕਸਰਤ ਕਰਦੇ ਸਮੇਂ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਕਿ ਕੁਦਰਤੀ ਭੋਜਨ ਖਾਓ ਅਤੇ ਇੱਕ ਦਿਨ ਦੀ ਸਿਹਤਮੰਦ ਵਿਆਕਤੀ ਲਈ 0.83 ਗ੍ਰਾਮ ਅਤੇ ਬਾਡੀ ਬਿਲਡਰਾਂ ਲਈ 1.2 ਤੋਂ 1.6 ਗ੍ਰਾਮ ਪ੍ਰਤੀ ਕਿਲੋ ਭਾਰ ਮੁਤਾਬਿਕ ਪ੍ਰੋਟੀਨ ਦੀ ਮਾਤਰਾ ਲੈਣੀ ਚਾਹੀਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜਿੰਮ ਜਾਣ ਵਾਲੇ ਨੌਜਵਾਨਾਂ ਵੱਲ ਵਿਸ਼ੇਸ਼ ਤਰਜ਼ੀਹ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਜਿੰਮਾਂ ਵਿੱਚ ਵਰਤੇ ਜਾਣ ਵਾਲੇ ਸਪਲੀਮੈਂਟਾਂ ਦੀ ਪੂਰੀ ਜਾਂਚ ਕਰਵਾਈ ਜਾਵੇਗੀ ।ਇਸ ਚੈਕਿੰਗ ਦੌਰਾਨ ਨਕਲੀ ਤੇ ਘੱਟ ਕੁਆਲਿਟੀ ਵਾਲੇ ਸਪਲੀਮੈਂਟ ਬਣਾਉਣ ਤੇ ਵੇਚਣ ਵਾਲਿਆਂ ਵੱਲੋਂ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਉਮਰ 40 ਸਾਲ ਤੋਂ ਉੱਪਰ ਹੈ ਅਤੇ ਬਲੱਡ, ਸੂਗਰ, ਮੋਟਾਪਾ, ਸਾਹ ਚੜ੍ਹਨਾ ਅਤੇ ਜ਼ਿਆਦਾ ਸਮੇਂ ਤੋਂ ਬਿਮਾਰੀ ਕਾਰਨ ਦਵਾਈਆਂ ਦਾ ਸੇਵਨ ਕਰਨਾ ਨੂੰ ਡਾਕਟਰੀ ਸਲਾਹ ਅਨੁਸਾਰ ਕਸਰਤ ਕਰਨੀ ਚਾਹੀਦੀ ਹੈ। ਵਿਟਾਮਿਨ, ਪ੍ਰੋਟੀਨ ਅਤੇ ਕਰੈਟੀਨ ਸਪਲੀਮੈਂਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਵਿਟਾਮਿਨ, ਪ੍ਰੋਟੀਨ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਐਨਾਬੋਲਿਕ ਸਪਲੀਮੈਂਟ, ਸਟੀਮੁਲੈਂਟਸ ਅਤੇ ਅਨਰਜ਼ੀ ਡਰਿੰਕਸ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਜਿੰਮ ‘ਚ ਕਸਰਤ ਕਰਦੇ ਸਮੇਂ ਸਰੀਰਕ ਖਰਾਬੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਰੋਜ਼ਾਨਾ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਜ਼ਿਲ੍ਹਾ ਬਰਨਾਲਾ ਦੇ ਜਿੰਮ ਵਿੱਚ ਸਿਹਤ ਵਿਭਾਗ ਵੱਲੋਂ ਜ਼ਾਰੀ ਅਡਵਾਇਜ਼ਰੀ (ਸਲਾਹਕਾਰੀ) ਦੇ ਬੈਨਰ ਲਗਾਉਣੇ ਜ਼ਰੂਰੀ ਹਨ ਤਾਂ ਜੋ ਜਿੰਮ ਵਿੱਚ ਕਸਰਤ ਕਰਨ ਸਮੇਂ ਹੋਣ ਵਾਲੇ ਖਤਰੇ ਨੂੰ ਰੋਕਿਆ ਜਾ ਸਕੇ।
