ਬਰਨਾਲਾ, 8 ਸਤੰਬਰ 2025 AJ DI Awaaj
Punjab Desk : ਖੇਤੀਬਾੜੀ ਵਿਭਾਗ ਵਲੋਂ ਮੌਜੂਦਾ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਲਈ ਸਲਾਹਕਾਰੀ ਜਾਰੀ ਕੀਤੀ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੀਆਂ ਨਿਰੀਖਣ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਪਾਣੀ ਨਾਲ ਭਰ ਚੁੱਕੇ ਖੇਤਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀਆਂ ਜੜ੍ਹਾਂ ਨੂੰ ਹਵਾ ਲੱਗਣ ਲਈ ਵਾਧੂ ਖੜ੍ਹੇ ਪਾਣੀ ਨੂੰ ਖਾਲਾਂ, ਵੱਡੇ ਨਾਲੀਆਂ ਅਤੇ ਪੰਪਿੰਗ ਸੈੱਟਾਂ ਦੀ ਵਰਤੋਂ ਕਰਕੇ ਕੱਢਣ, ਖੁੱਲ੍ਹੇ ਖੇਤ ਵਿੱਚ ਢੁਕਵੇਂ ਸਥਾਨਾਂ ‘ਤੇ ਵੱਟਾਂ ਬਣਾਓਣ ਦੀ ਸਲਾਹ ਦਿੱਤੀ ਗਈ ਤਾਂ ਜੋ ਖੇਤ ਵਿੱਚ ਪਾਣੀ ਦਾ ਵਹਾਅ ਆਸਾਨ ਹੋ ਸਕੇ।
ਪੈਸਟ ਸਰਵੀਲੈਂਸ ਤਹਿਤ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਅਤੇ ਬਾਸਮਤੀ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5% ਪੋਟਾਸ਼ੀਅਮ ਨਾਈਟ੍ਰੇਟ (3 ਕਿਲੋ ਪੋਟਾਸ਼ੀਅਮ ਨਾਈਟ੍ਰੇਟ 200 ਲਿਟਰ ਪਾਣੀ ਵਿਚ ਪ੍ਰਤੀ ਏਕੜ), ਝੋਨੇ ਦੀ ਫ਼ਸਲ ਵਿੱਚ ਮੌਜੂਦਾ ਮੌਸਮ ਨਾਲ ਝੂਠੀ ਕਾਂਗਿਆਰੀ ਵਧ ਸਕਦੀ ਹੈ ਜਿਸ ਦੀ ਰੋਕਥਾਮ 500 ਗ੍ਰਾਮ ਕੋਸਾਈਡ 46 ਡੀ ਐਫ ਦੀ ਪਹਿਲੀ ਸਪਰੇ ਜਦੋਂ ਝੋਨਾ ਗੋਭ ਵਿੱਚ ਹੋਵੇ ਅਤੇ ਦੂਜੀ ਸਪਰੇਅ, 400 ਮਿਲੀਲਿਟਰ ਗਲੀਲਿਓ ਵੇਅ 18.76 ਐਸ ਸੀ 10-15 ਦਿਨ੍ਹਾਂ ਬਾਅਦ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਅਤੇਜਿੰਕ (ਗ਼ਨ) ਦੀ ਘਾਟ ਆਉਣ ਤੇ 0.5% ਜ਼ਿੰਕ ਸਲਫੇਟ (21%) ਦੇ ਲਗਾਤਾਰ ਛਿੜਕਾਅ ਕਰਨ ਕਰਨ ਦੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਝੋਨੇ ਦੇ ਤਣੇ ਦਾ ਝੁਲਸ ਰੋਗ ਦੇ ਲੱਛਣ ਦੇਖਣ ਨੂੰ ਮਿਲੇ ਜਿਸ ਲਈ 150 ਮੀ.ਲੀ. ਪਲਸਰ 24 SC, 80 ਗ੍ਰਾਮ ਨਟੀਵੋ 75 WG ਅਤੇ ਮੂਨਸਰਨ 250 SC 200 ਲੀ. ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਘੋਲ ਕੇ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ।
ਝੋਨੇ ਅਤੇ ਬਾਸਮਤੀ ਵਿੱਚ ਭੁਰੇ/ਚਿੱਟੇ ਟਿੱਡੇ ਦੇ ਬਾਲਗਾਂ ਦੀ ਗਿਣਤੀ 5 ਪ੍ਰਤੀ ਪੌਦਾ ਜਾਂ ਇਸ ਤੋਂ ਵੱਧ ਦੇਖਣ ਨੂੰ ਮਿਲਦੀ ਹੈ ਤਾਂ 94 ਮੀ.ਲੀ ਪੈਕਸਾਲੋਨ 10 SC ਜਾਂ 60 ਗ੍ਰਾਮ ਉਲਾਲਾ 50 WG ਜਾਂ 80 ਗ੍ਰਾਮ ਓਸ਼ੀਨ 20 SG ਜਾਂ 120 ਗ੍ਰਾਮ ਚੈੱਸ 50 WG ਨੂੰ 100 ਲੀ. ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਘੋਲ ਕੇ ਸਪਰੇਅ ਕਰ ਸਕਦੇ ਹਾਂ।
ਨਰਮੇ ਦੀ ਫਸਲ ਵਿੱਚ ਪੈਰਾਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਇਹਨਾਂ ਬੂਟਿਆਂ ਉਪਰ ਕੋਬਾਲਟ ਕਲੋਰਾਈਡ 10 ਮਿਲੀ ਗਰਾਮ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਪੋਟਾਸ਼ੀਅਮ ਨਾਈਟਰੇਟ (13:0:45) ਦੇ 2 ਪ੍ਰਤੀਸ਼ਤ ਘੋਲ ਦੇ ਇੱਕ ਹਫ਼ਤੇ ਦੇ ਵਕਫ਼ੇ ‘ਤੇ 4 ਛਿੜਕਾਅ ਕਰੋ। ਗੁਲਾਬੀ ਸੁੰਡੀ ਦੇ ਲਈ ਖੇਤਾਂ ਦਾ ਲਗਾਤਾਰ ਮੁਆਇਨਾ ਕਰਦੇ ਰਹੋ। ਜੇ ਨੁਕਸਾਨ 5 ਪ੍ਰਤੀਸ਼ਤ ਤੋਂ ਵੱਧ ਹੋਵੇ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ।
ਇਸੇ ਤਰ੍ਹਾਂ ਚਿੱਟੀ ਮੱਖੀ ਅਤੇ ਹਰੇ ਤੇਲੇ ਦੇ ਲਈ ਲਗਾਤਾਰ ਮੁਆਇੰਨਾ ਕਰਦੇ ਰਹੋ।15 ਸਤੰਬਰ ਤੋਂ ਪਹਿਲਾਂ ਸਿੰਥੈਟਿਕ ਪਰਿਥਰਾਇਡ ਦੀ ਵਰਤੋਂ ਨਾ ਕਰੋ। ਪੱਤਿਆਂ ‘ਤੇ ਉੱਲੀਆਂ ਦੇ ਧੱਬਿਆਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ ‘ਤੇ 200 ਮਿਲੀਲਿਟਰ ਐਮੀਸਟਾਰ ਟੌਪ 325 ਐਸ.ਸੀ (ਐਜੋਕਸੀਸਟਰੋਬਿਨ + ਡਾਈਫੈਨੋਕੋਨਾਜ਼ੋਲ) 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ ‘ਤੇ 15–20 ਦਿਨਾਂ ਦੇ ਵਕਫ਼ੇ ‘ਤੇ ਇਹ ਛਿੜਕਾਅ ਦੁਹਰਾਓ। ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇਅ 15 ਦਿਨਾਂ ਦੇ ਵਕਫੇ ਤੇ ਫੁੱਲਡੋਡੀ ਪੈਣ ਅਤੇ ਟੀਂਡੇ ਬਣਨ ਵੇਲੇ ਕਰੋ।
ਡਾ. ਜਗਸੀਰ ਸਿੰਘ ਵੱਲੋਂ ਕਿਸਾਨਾਂ ਨੂੰ ਘਬਰਾਹਟ ਵਿੱਚ ਆ ਕੇ ਬਿਨਾ ਲੋੜ ਤੋਂ ਸਪਰੇਅ ਨਾ ਕਰਨ, ਲਗਾਤਾਰ ਖੇਤਾਂ ਦਾ ਨਿਰੀਖਣ ਕਰਦੇ ਰਹਿਣ, ਲੋੜ ਪੈਣ ‘ਤੇ ਸਪਰੇਅ ਕਰਨ ਅਤੇ ਖੇਤੀ-ਇਨਪੁਟਸ ਪੱਕੇ ਬਿੱਲ ‘ਤੇ ਖਰੀਦ ਕਰਨ ਦੀ ਸਲਾਹ ਦਿੱਤੀ ਗਈ।
ਓਨ੍ਹਾਂ ਕਿਹਾ ਵਧੇਰੇ ਜਾਣਕਾਰੀ ਲਈ ਨੇੜੇ ਦੇ ਬਲਾਕ ਖੇਤੀਬਾੜੀ ਅਫ਼ਸਰ/ਖੇਤੀਬਾੜੀ ਵਿਕਾਸ ਅਫ਼ਸਰ ਨਾਲ ਰਾਬਤਾ ਕੀਤਾ ਜਾਵੇ।
