ਹੁਸ਼ਿਆਰਪੁਰ, 9 ਅਕਤੂਬਰ 2025 AJ DI Awaaj
Punjab Desk : ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਵਿਦਿਅਕ ਵਰ੍ਹੇ 2026-27 ਲਈ ਖਾਲੀ ਸੀਟਾਂ ਲਈ ਨੌਂਵੀਂ ਅਤੇ ਗਿਆਰਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਦਾਖਲਾ ਫਾਰਮ ਭਰਨ ਦੀ ਤਰੀਕ 21 ਅਕਤੂਬਰ 2025 ਤੱਕ ਵਧਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੱਕੇ ਵਸਨੀਕ ਇਹ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜਿਹੜੇ ਵਿਦਿਆਰਥੀ ਮੌਜੂਦਾ ਵਿਦਿਅਕ ਵਰ੍ਹੇ 2025-26 ਵਿਚ ਜ਼ਿਲ੍ਹੇ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਸਰਕਾਰੀ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅੱਠਵੀਂ ਵਿਚ ਪੜ੍ਹ ਰਹੇ ਹਨ, ਉਹ ਨੌਂਵੀਂ ਦੀ ਅਤੇ ਦਸਵੀਂ ਜਮਾਤ ਵਿਚ ਪੜ੍ਹਨ ਵਾਲੇ ਗਿਆਰਵੀਂ ਜਮਾਤ ਦੀ ਲੇਟਰਲ ਐਂਟਰੀ ਚੋਣ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਨੌਂਵੀਂ ਜਮਾਤ ਦੀ ਰਜਿਸਟ੍ਰੇਸ਼ਨ ਲਈ ਹੁਣ ਅੱਠਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਜਨਮ 1 ਮਈ 2011 ਤੋਂ 31 ਜੁਲਾਈ 2013 ਤੱਕ ਅਤੇ ਗਿਆਰਵੀਂ ਜਮਾਤ ਲਈ ਹੁਣ ਦਸਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਜਨਮ 1 ਜੂਨ 2009 ਤੋਂ 31 ਜੁਲਾਈ 2011 ਤੱਕ ( ਇਨ੍ਹਾਂ ਤਰੀਕਾਂ ਸਮੇਤ) ਹੋਇਆ ਹੋਵੇ। 9ਵੀਂ ਜਮਾਤ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ https://cbseitms.nic.in/2025/nvsix_9 ਅਤੇ ਜਮਾਤ 11ਵੀਂ ਜਮਾਤ ਲਈ ਲਿੰਕ https://cbseitms.nic.in/2025/nvsxi_11 ਹੈ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਸ ਸਬੰਧੀ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਸਾਰੇ ਸਕੂਲਾਂ ਨੂੰ ਜਾਰੀ ਕੀਤੇ ਹੋਏ ਹਨ।ਜੇਕਰ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਫਾਰਮ ਭਰਨ ਵਿੱਚ ਦਿੱਕਤ ਆਵੇ, ਤਾਂ ਕੰਮ-ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।
