1 March 2026 Aj Di Awaaj
Punjab Desk: ਸ੍ਰੀ ਅਨੰਦਪੁਰ ਸਾਹਿਬ 01 ਮਾਰਚ: ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਪ੍ਰਤੀਕ ਵਿਰਾਸਤੀ ਖੇਡਾਂ ਦਾ ਸ਼ਾਨਦਾਰ ਆਗਾਜ਼ ਚਰਨ ਗੰਗਾ ਸਟੇਡੀਅਮ ਵਿੱਚ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਚੰਦਰ ਜਯੋਤੀ ਸਿੰਘ ਅਤੇ ਸਹਾਇਕ ਕਮਿਸ਼ਨਰ ਜਨਰਲ ਅਭਿਮੰਨਯੂ ਮਲਿਕ ਵੱਲੋਂ ਮਸ਼ਾਲ ਜਲਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਚਰਨ ਗੰਗਾ ਸਟੇਡੀਅਮ ਵਿੱਚ ਰੰਗਲੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆ ਰਹੀ ਹੈ, ਜਿੱਥੇ ਹਰ ਪਾਸੇ ਰਵਾਇਤੀ ਰੰਗ ਅਤੇ ਸੱਭਿਆਚਾਰਕ ਰੰਗ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਪੰਜਾਬੀ ਪਹਿਚਾਣ ਨੂੰ ਮਜ਼ਬੂਤ ਕਰਦੇ ਹਨ।
ਵਿਰਾਸਤੀ ਖੇਡਾਂ ਦੌਰਾਨ ਦਸਤਾਰ ਬੰਦੀ ਮੁਕਾਬਲੇ, ਢਾਡੀ ਦਰਬਾਰ, ਸ਼ਾਨਦਾਰ ਮਾਰਚ ਪਾਸਟ, ਮਸਾਲ, ਗਿੱਧਾ ਤੇ ਭੰਗੜਾ, ਗੱਤਕਾ ਪ੍ਰਦਰਸ਼ਨੀ ਮੈਚ, ਘੋੜ ਡਾਂਸ ਅਤੇ ਟੈਂਟ ਪੈਗਿੰਗ ਵਰਗੀਆਂ ਰਵਾਇਤੀ ਖੇਡਾਂ ਅਤੇ ਕਲਾਵਾਂ ਨੇ ਦਰਸ਼ਕਾਂ ਨੂੰ ਮੋਹ ਲਿਆ। ਵਿਸ਼ੇਸ਼ ਮਾਰਸ਼ਲ ਆਰਟਸ ਸਕਿੱਲਜ਼ ਦੇ ਪ੍ਰਦਰਸ਼ਨ ਨੇ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਕੇ ਸਮਾਗਮ ਦੀ ਰੌਣਕ ਨੂੰ ਹੋਰ ਵਧਾਇਆ। ਰੰਗੋਲੀ ਅਤੇ ਹਾਥੀਆਂ ਦੇ ਜੋੜੇ ਨੇ ਸਮਾਗਮ ਵਿੱਚ ਵਿਜ਼ੂਅਲ ਆਕਰਸ਼ਣ ਪੈਦਾ ਕਰਦਿਆਂ ਲੋਕਾਂ ਦਾ ਖਾਸ ਧਿਆਨ ਖਿੱਚਿਆ।
ਗੱਤਕਾ ਮੁਕਾਬਲਿਆਂ ਦੌਰਾਨ ਨੈਸ਼ਨਲ ਗੱਤਕਾਂ ਐਸੋਸੀਏਸ਼ਨ ਵੱਲੋਂ ਆਪਣੇ ਜੋਹਰ ਵਿਖਾਏ ਗਏ, ਜਿਸ ਨਾਲ ਦਰਸ਼ਕਾਂ ਨੇ ਤਾਲੀਆਂ ਦੀ ਗੂੰਜ ਨਾਲ ਹੌਸਲਾ ਅਫ਼ਜ਼ਾਈ ਕੀਤੀ। ਦਸਤਾਰ ਬੰਦੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ, ਜੋ ਨੌਜਵਾਨ ਪੀੜ੍ਹੀ ਵਿੱਚ ਵਿਰਾਸਤੀ ਖੇਡਾਂ ਪ੍ਰਤੀ ਵਧ ਰਹੇ ਰੁਝਾਨ ਨੂੰ ਦਰਸਾਉਂਦਾ ਹੈ। ਇਸ ਮੌਕੇ ਭਾਗੀਦਾਰਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਆਪਣੀ ਕਲਾ ਅਤੇ ਹੁਨਰਮੰਦੀ ਦਾ ਪ੍ਰਦਰਸ਼ਨ ਕਰਕੇ ਸਮਾਗਮ ਨੂੰ ਯਾਦਗਾਰ ਬਣਾਇਆ।
ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਦਿੱਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਪੰਜਾਬ ਦੇ ਸ਼ੌਰਿਆ ਅਤੇ ਇਤਿਹਾਸਕ ਵਿਰਸੇ ਨੂੰ ਜੀਵਤ ਕਰ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਜਨਰਲ ਨੇ ਪੰਜਾਬ ਦੀਆਂ ਰਵਾਇਤੀ ਖੇਡਾਂ ਵੱਲ ਨੌਜਵਾਨਾਂ ਦੇ ਵੱਧ ਰਹੇ ਰੁਝਾਨ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਵਿੱਚ ਅਨੁਸ਼ਾਸਨ, ਸਿਹਤਮੰਦ ਜੀਵਨਸ਼ੈਲੀ ਅਤੇ ਸੱਭਿਆਚਾਰਕ ਗੌਰਵ ਨੂੰ ਵਧਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਣਗੇ ਤਾਂ ਜੋ ਪੰਜਾਬ ਦੀ ਅਮੀਰ ਵਿਰਾਸਤ ਅਗਲੀ ਪੀੜ੍ਹੀ ਤੱਕ ਸੁਰੱਖਿਅਤ ਤੌਰ ‘ਤੇ ਪਹੁੰਚ ਸਕੇ।
ਇਸ ਮੌਕੇ ਸੁਖਪਾਲ ਸਿੰਘ ਮੇਲਾ ਅਫਸਰ ਕਮ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚੇਤਨ ਬੰਗੜ ਐਸ.ਡੀ.ਐਮ ਮੋਰਿੰਡਾ, ਵਿਨੋਦ ਕੁਮਾਰ ਤਹਿਸੀਲਦਾਰ, ਬਲਜਿੰਦਰ ਸਿੰਘ ਗਰੇਵਾਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਇਸਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ, ਮੰਚ ਸੰਚਾਲਕ ਰਣਜੀਤ ਸਿੰਘ ਐਨ.ਸੀ.ਸੀ ਅਫਸਰ, ਅਜੇ ਬੈਂਸ ਸਹਾਇਕ ਮੰਚ ਸੰਚਾਲਕ, ਸਹਾਇਕ ਸਿਵਲ ਸਰਜਨ ਰੂਪਨਗਰ ਬੌਬੀ ਗੁਲਾਟੀ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼ਰੂਤੀ ਸ਼ਰਮਾ, ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ, ਐਕਸੀਅਨ ਜਲ ਸਪਲਾਈ ਹਰਜੀਤਪਾਲ ਸਿੰਘ, ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।














