
ਫ਼ਿਰੋਜ਼ਪੁਰ, 04 ਅਗਸਤ 2025 Aj DI Awaaj
Punjab Desk : ਆਰਮੀ ਭਰਤੀ ਰੈਲੀ 17 ਅਗਸਤ 2025 ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਹੋਣੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਭਰਤੀ ਰੈਲੀ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਲਈ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਕਰਨਲ ਸੰਦੀਪ ਕੁਮਾਰ ਆਰਮੀ ਭਰਤੀ ਅਫ਼ਸਰ ਵੀ ਮੌਜੂਦ ਸਨ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਹਾਜ਼ਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਭਰਤੀ ਰੈਲੀ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਣ ਵਿੱਚ ਆਰਮੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਅਤੇ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਪੁਲਿਸ ਵਿਭਾਗ ਨੂੰ ਪੂਰੀ ਰੈਲੀ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ ਬੈਰੀਕੇਡਿੰਗ ਲਗਾਉਣ ਅਤੇ ਚੈਕਿੰਗ ਕਰਨ ਲਈ ਕਿਹਾ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ।
ਉਨ੍ਹਾਂ ਸਿਹਤ ਵਿਭਾਗ ਨੂੰ ਰੈਲੀ ਵਾਲੇ ਸਥਾਨ ‘ਤੇ ਡਾਕਟਰ, ਨਰਸਿੰਗ ਸਟਾਫ਼ ਅਤੇ ਐਂਬੂਲੈਂਸ ਆਦਿ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਤਾਂ ਕਿ ਕਿਸੇ ਕਿਸਮ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਬੈਰੀਕੇਡਿੰਗ, ਫਾਇਰ ਬ੍ਰਿਗੇਡ, ਪੀਣ ਵਾਲੇ ਪਾਣੀ ਦੇ ਟੈਂਕਰ, ਸਾਫ਼ ਸਫਾਈ, ਮੋਬਾਈਲ ਟਾਇਲਟ, ਟਰਾਂਸਪੋਰਟ ਆਦਿ ਦੇ ਪ੍ਰਬੰਧ ਕਰਨ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਹਰਮਿੰਦਰ ਸਿੰਘ ਤਹਿਸੀਲਦਾਰ ਫ਼ਿਰੋਜ਼ਪੁਰ, ਗੁਰਜੰਟ ਸਿੰਘ ਪਲੇਸਮੈਂਟ ਅਫ਼ਸਰ, ਰੁਪਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਰਕੇਸ਼ ਕੁਮਾਰ ਏ.ਟੀ.ਓ. ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
