ਆਦਮਪੁਰ: 18 July 2025 Aj DI Awaaj
Punjab Desk : ਜਲੰਧਰ ਦੇਹਾਤ ਦੇ ਆਦਮਪੁਰ ਇਲਾਕੇ ਵਿੱਚ ਵੀਰਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਐਚ.ਪੀ. ਗੈਸ ਨਾਲ ਭਰਿਆ ਹੋਇਆ ਇੱਕ ਟੈਂਕਰ ਅਚਾਨਕ ਕਾਬੂ ਤੋਂ ਬਾਹਰ ਹੋ ਕੇ ਪਲਟ ਗਿਆ। ਇਹ ਹਾਦਸਾ ਰਾਤ 12 ਤੋਂ 1 ਵਜੇ ਦੇ ਵਿਚਕਾਰ ਵਾਪਰਿਆ। ਟੈਂਕਰ ਪਲਟਣ ਨਾਲ ਉਸ ਵਿਚੋਂ ਗੈਸ ਲੀਕ ਹੋਣ ਲੱਗੀ, ਜਿਸ ਕਾਰਨ ਇਲਾਕੇ ‘ਚ ਹਫੜ-ਤਫੜ ਮਚ ਗਈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਗੈਸ ਲੀਕ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਇਲਾਕੇ ਦੇ ਸਕੂਲ ਤੁਰੰਤ ਬੰਦ ਕਰਵਾ ਦਿੱਤੇ ਗਏ। ਸੁਰੱਖਿਆ ਦੇ ਮੱਦੇਨਜ਼ਰ ਨਜ਼ਦੀਕੀ ਰੇਲਵੇ ਲਾਈਨ ਅਤੇ ਬਿਜਲੀ ਸਪਲਾਈ ਨੂੰ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ, ਤਾਂ ਜੋ ਕਿਸੇ ਵੱਡੇ ਵਿਸਫੋਟ ਜਾਂ ਹੋਰ ਹਾਦਸੇ ਤੋਂ ਬਚਿਆ ਜਾ ਸਕੇ।
ਹਾਦਸੇ ਤੋਂ ਬਾਅਦ ਟੈਂਕਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਗੈਸ ਲੀਕ ਸਵੇਰੇ 7 ਵਜੇ ਤੱਕ ਜਾਰੀ ਰਹੀ। ਇਲਾਕਾ ਨਿਵਾਸੀਆਂ ਨੇ ਵੀ ਫਾਇਰਬ੍ਰਿਗੇਡ ਦੀ ਮਦਦ ਕਰਦਿਆਂ ਗੈਸ ਲੀਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਬਾਅਦ ਵਿੱਚ ਬਠਿੰਡਾ ਤੋਂ ਇੱਕ ਹੋਰ ਖਾਲੀ ਟੈਂਕਰ ਮੰਗਵਾ ਕੇ ਲੀਕ ਹੋ ਰਹੀ ਗੈਸ ਨੂੰ ਉਸ ਵਿੱਚ ਸ਼ਿਫਟ ਕੀਤਾ ਗਿਆ। ਸਥਿਤੀ ਨੂੰ ਕੰਟਰੋਲ ਵਿਚ ਲਿਆਂਦਿਆਂ, ਬੰਦ ਕੀਤੀਆਂ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਟੈਂਕਰ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।
