ਜਲੰਧਰ 08 July 2025 AJ DI Awaaj
Punjab Desk : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪਾਵਰਕਾਮ) ਵੱਲੋਂ ਬਿਜਲੀ ਚੋਰੀ ਅਤੇ ਬੇਤਰਤੀਬ ਲੋਡ ਵਰਤੋਂ ਖਿਲਾਫ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਵੱਖ-ਵੱਖ ਇਲਾਕਿਆਂ ‘ਚ ਵਿਸ਼ੇਸ਼ ਮੁਹਿੰਮ ਚਲਾਈ ਗਈ।
ਜਲੰਧਰ ਸਰਕਲ ਅਧੀਨ ਚਲਾਈ ਮੁਹਿੰਮ ਦੌਰਾਨ ਕੁੱਲ 1044 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਚੋਰੀ ਦੇ 6, ਓਵਰਲੋਡਿੰਗ ਦੇ 37 ਅਤੇ ਬਿਜਲੀ ਦੀ ਦੁਰਵਰਤੋਂ ਦੇ 11 ਮਾਮਲੇ ਸਾਹਮਣੇ ਆਏ। ਵਿਭਾਗ ਵੱਲੋਂ 54 ਉਲੰਘਣਾ ਕਰਨ ਵਾਲਿਆਂ ਉੱਤੇ ₹5.39 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਮੁੱਖ ਤੌਰ ‘ਤੇ ਮਾਡਲ ਟਾਊਨ ਡਿਵੀਜ਼ਨ ਵੱਲੋਂ ਸਭ ਤੋਂ ਵੱਧ ₹2.93 ਲੱਖ ਜੁਰਮਾਨਾ ਲਾਇਆ ਗਿਆ, ਜਿੱਥੇ 198 ਕੁਨੈਕਸ਼ਨਾਂ ਦੀ ਜਾਂਚ ਦੌਰਾਨ 4 ਸਿੱਧੀ ਬਿਜਲੀ ਚੋਰੀ ਅਤੇ 8 ਵਪਾਰਕ ਵਰਤੋਂ ਦੇ ਮਾਮਲੇ ਸਾਹਮਣੇ ਆਏ।
ਮੁਹਿੰਮ ਦੌਰਾਨ ਪਾਵਰਕਾਮ ਨੇ 25 ਟੀਮਾਂ ਤਾਇਨਾਤ ਕੀਤੀਆਂ, ਜਿਨ੍ਹਾਂ ਵਿੱਚ ਐਕਸੀਅਨ, ਐਸ.ਡੀ.ਓ., ਜੇ.ਈ., ਲਾਈਨਮੈਨ ਅਤੇ ਹੋਰ ਫੀਲਡ ਸਟਾਫ ਸ਼ਾਮਲ ਸਨ। ਹਰ ਟੀਮ ਨੂੰ ਘੱਟੋ-ਘੱਟ 40 ਕੁਨੈਕਸ਼ਨਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ।
ਇਹ ਚੈਕਿੰਗ ਮੁਹਿੰਮ ਤੜਕੇ ਸਵੇਰੇ ਬਿਜਲੀ ਚੋਰੀ ਦੇ ਹੌਟਸਪਾਟ ਇਲਾਕਿਆਂ ‘ਚ ਕੀਤੀ ਗਈ। ਘਰੇਲੂ ਬਿਜਲੀ ਨੂੰ ਵਪਾਰਕ ਉਦੇਸ਼ਾਂ ਲਈ ਵਰਤਣ ਵਾਲਿਆਂ ਖ਼ਿਲਾਫ਼ ਵੀ ਤੁਰੰਤ ਕਾਰਵਾਈ ਕੀਤੀ ਗਈ।
ਪਾਵਰਕਾਮ ਵੱਲੋਂ ਅਗਾਹੀ ਦਿੱਤੀ ਗਈ ਹੈ ਕਿ ਅਜਿਹੀ ਮੁਹਿੰਮ ਆਗਾਮੀ ਦਿਨਾਂ ਵਿੱਚ ਹੋਰ ਇਲਾਕਿਆਂ ਵਿੱਚ ਵੀ ਜਾਰੀ ਰਹੇਗੀ ਅਤੇ ਨਿਯਮ ਉਲੰਘਣ ਕਰਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਵੇਗਾ।
