ਜਵੈਲਰਜ਼ ਦੇ ਸ਼ੋਅਰੂਮ ਵਿੱਚ ਅਕਾਊਂਟੈਂਟ ਦੀ ਧੋਖਾਧੜੀ

35

ਲੁਧਿਆਣਾ 24 Jan 2026 AJ DI Awaaj

Punjab Desk : ਲੁਧਿਆਣਾ ਦੇ ਪਾਸ਼ ਇਲਾਕੇ ਕਾਲਜ ਰੋਡ ਸਥਿਤ ਫਾਊਂਟੇਨ ਚੌਕ ਨੇੜੇ MB ਜੈਨ ਜਵੈਲਰਜ਼ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੋਅਰੂਮ ਦੇ ਮਾਲਕ ਵਿਕਰਮ ਜੈਨ ਵੱਲੋਂ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਵਿੱਚ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਅਕਾਊਂਟੈਂਟ ਰਾਮ ਸ਼ੰਕਰ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜੋ ਕਿ ਗੋਂਡਾ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ।

ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰਾਮ ਸ਼ੰਕਰ ਕਾਫ਼ੀ ਸਮੇਂ ਤੋਂ ਸ਼ੋਅਰੂਮ ਵਿੱਚ ਸੇਲ, ਪਰਚੇਜ਼ ਅਤੇ ਸਟਾਕ ਸੰਬੰਧੀ ਸਾਰਾ ਕੰਮ ਸੰਭਾਲ ਰਿਹਾ ਸੀ। ਪਿਛਲੇ ਕੁਝ ਦਿਨਾਂ ਤੋਂ ਸਟਾਕ ਵਿੱਚ ਗੜਬੜੀ ਦੇ ਸ਼ੱਕ ਕਾਰਨ 22 ਜਨਵਰੀ ਨੂੰ ਉਸ ਤੋਂ ਹਿਸਾਬ-ਕਿਤਾਬ ਮੰਗਿਆ ਗਿਆ। ਉਸਨੇ ਅਗਲੇ ਦਿਨ ਸਾਰਾ ਰਿਕਾਰਡ ਸਾਫ਼ ਕਰਨ ਦਾ ਭਰੋਸਾ ਦਿੱਤਾ, ਪਰ ਅਗਲੀ ਸਵੇਰ ਸ਼ੋਅਰੂਮ ਖੁੱਲ੍ਹਣ ’ਤੇ ਉਹ ਗਾਇਬ ਸੀ ਅਤੇ ਉਸਦਾ ਮੋਬਾਇਲ ਫ਼ੋਨ ਵੀ ਬੰਦ ਮਿਲਿਆ।

ਇਸ ਤੋਂ ਬਾਅਦ ਜਦੋਂ ਮਾਲਕ ਨੇ ਖੁਦ ਕੰਪਿਊਟਰ ਸਿਸਟਮ ’ਚ ਸੇਲ ਅਤੇ ਸਟਾਕ ਦੀ ਜਾਂਚ ਕੀਤੀ ਤਾਂ ਹੈਰਾਨੀਜਨਕ ਖੁਲਾਸਾ ਹੋਇਆ। ਦੋਸ਼ੀ ਅਕਾਊਂਟੈਂਟ ਵੱਲੋਂ ਕਈ ਜਾਅਲੀ ਕੈਸ਼ ਬਿੱਲ ਤਿਆਰ ਕਰ ਕੇ ਐਂਟਰੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਜਾਣਕਾਰੀ ਸ਼ੋਅਰੂਮ ਮੈਨੇਜਮੈਂਟ ਨੂੰ ਨਹੀਂ ਸੀ। ਇਨ੍ਹਾਂ ਫਰਜ਼ੀ ਐਂਟਰੀਆਂ ਰਾਹੀਂ ਕਾਗਜ਼ਾਂ ’ਤੇ ਸਟਾਕ ਬਰਾਬਰ ਦਿਖਾਇਆ ਗਿਆ, ਜਦਕਿ ਅਸਲ ਵਿੱਚ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਸ਼ੋਅਰੂਮ ਵਿੱਚੋਂ ਗਾਇਬ ਸਨ।

ਪੁਲਿਸ ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੇ ਪੂਰੀ ਯੋਜਨਾਬੰਦੀ ਨਾਲ ਧੋਖਾਧੜੀ ਨੂੰ ਅੰਜਾਮ ਦਿੱਤਾ ਹੈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਫਿਜ਼ੀਕਲ ਸਟਾਕ ਚੈੱਕ ਕਰਨ ’ਤੇ ਸੋਨੇ ਦੇ ਗਹਿਣਿਆਂ ਦੀ ਵੱਡੀ ਘਾਟ ਸਾਹਮਣੇ ਆਈ।

ਪੁਲਿਸ ਨੇ ਦੋਸ਼ੀ ਵਿਰੁੱਧ BNS ਦੀ ਧਾਰਾ 318(4) ਅਤੇ 306 ਅਧੀਨ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਜਾਰੀ ਹੈ।