ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਸਵਾਗਤ ਕਰਦਿਆਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਵੱਖ-ਵੱਖ ਵਿੱਦਿਅਕ ਸੰਸਥਾਨ ਇੱਕ ਦੂਸਰੇ ਦੇ ਪੂਰਕ ਹਨ। ਸਾਡੇ ਕੋਲ ਅਜਿਹੀਆਂ ਸਹੂਲਤਾਂ ਹਨ ਜਿਸ ਕਰਕੇ ਵਿੱਦਿਅਕ ਢਾਂਚੇ ਨੂੰ ਸੁਧਾਰ ਵੱਲ ਤੋਰ ਸਕਦੇ ਹਾਂ। ਅਜੋਕੇ ਸਮੇਂ ਵਿੱਚ ਹਾਈਬ੍ਰਿਡ ਮੋਡ ਆਫ਼ ਟੀਚਿੰਗ ਬਾਰੇ ਚਰਚਾ ਕਰ ਰਹੇ ਹਾਂ। ਜਿਸ ਵਿੱਚ ਸਰਕਾਰਾਂ ਵੀ ਲਗਾਤਾਰ ਸੁਧਾਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਅਸੀਂ ਭਵਿੱਖ ਵਿੱਚ ਕੋਸ਼ਿਸ਼ ਕਰਾਂਗੇ ਕਿ ਕਾਲਜ ਦਾ ਅਧਿਆਪਨ ਅਮਲਾ ਵੀ ਮੁਹਾਰਤ ਹਾਸਲ ਕਰੇ ਤਾਂ ਜੋ ਅਧਿਆਪਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਗੁਣਵੱਤਾ ਭਰਪੂਰ ਬਣਿਆ ਜਾ ਸਕੇ।
ਡਾ. ਐੱਸ.ਕੇ. ਮਿਸ਼ਰਾ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਬੋਲਦਿਆਂ ਕਿਹਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੁੰਦਾ ਹੈ। ਉਨ੍ਹਾਂ ਕਲਾਸ-ਰੂਮ ਅਧਿਆਪਨ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਨਜਿੱਠਣ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਦਿੱਤੀ। ਚੰਗੇ ਅਧਿਆਪਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਦਿਆਰਥੀਆਂ ਅੰਦਰ ਆਪਣੀ ਮਾਂ-ਬੋਲੀ, ਸੱਭਿਆਚਾਰ ਪ੍ਰਤੀ ਪਿਆਰ-ਸਤਿਕਾਰ ਪੈਦਾ ਕਰੇ। ਆਪਣੇ ਸਮਾਜ ਨੂੰ ਬਦਲਣ ਲਈ ਅਧਿਆਪਕ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਪਾਠਕ੍ਰਮ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਿਹਾਰਕ ਪੱਧਰ ਤੇ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ। ਡਾ. ਰਿਸ਼ੀ ਰਾਜ ਸ਼ਰਮਾ ਨੇ ਭਾਰਤੀ ਗਿਆਨ ਪਰੰਪਰਾ ਬਾਰੇ ਕਿਹਾ ਕਿ ਅਜੋਕੀ ਸਿੱਖਿਆ ਪ੍ਰਣਾਲੀ ਵਿੱਚ ਗੁਰੂ ਅਤੇ ਅਧਿਆਪਕ ਵਿੱਚ ਅੰਤਰ ਕਰਨਾ ਲਾਜ਼ਮੀ ਹੈ। ਸਾਨੂੰ ਗੁਰੂ ਦੀ ਮਹੱਤਤਾ ਬਾਰੇ ਸਮਝਣ ਲਈ ਮੁੜ ਵੇਦਾਂ ਵੱਲ ਮੁੜਨਾ ਪਵੇਗਾ। ਗੁਰੂ ਸਾਹਿਬ ਦੇ ਵਾਕ “ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ” ਦਾ ਹਵਾਲਾ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਇਹੋ ਜਿਹੇ ਸੰਵਾਦ ਰਚਾਉਣ ਦੀ ਜ਼ਰੂਰਤ ਹੈ। ਇਸ ਗਿਆਨ ਪਰੰਪਰਾ ਨੂੰ ਸਮਝਣ ਲਈ ਸਾਡੇ ਧਾਰਮਿਕ ਗ੍ਰੰਥ ਅਨਮੋਲ ਖ਼ਜ਼ਾਨਾ ਹਨ।
ਪਹਿਲੇ ਸੈਸ਼ਨ ਦੇ ਬੁਲਾਰੇ ਡਾ. ਖੁਸ਼ਵਿੰਦਰ ਕੁਮਾਰ ਨੇ ਉਚੇਰੀ ਸਿੱਖਿਆ ਪ੍ਰਤੀ ਸੰਪੂਰਨ ਅੰਤਰ-ਅਨੁਸ਼ਾਸਨੀ ਸਿੱਖਣ ਵਿਧੀ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਜਿਸ ਵਿੱਚ ਕੋਰਸ ਕਰੈਡਿਟ ਸਿਸਟਮ ‘ਤੇ ਗੱਲ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਅੰਤਰ ਅਧਿਐਨ ਦਾ ਮੁਲਾਂਕਣ, ਵਿਦਿਆਰਥੀਆਂ ਅੰਦਰ ਪ੍ਰਸ਼ਨ ਪੈਦਾ ਕਰਨ ਦੀ ਆਦਤ ਅਤੇ ਵੱਖ ਵੱਖ ਸਿੱਖਣ ਵਿਧੀ ਪਹੁੰਚ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਵਿਦਿਆਰਥੀਆਂ ਅੰਦਰ ਸੁਣਨਾ, ਵਿਚਾਰਨਾ ਅਤੇ ਮੰਨਣਾ ਸਿਧਾਂਤ ਨੂੰ ਲਾਗੂ ਕਰਨ ਬਾਰੇ ਜ਼ੋਰ ਦਿੱਤਾ। ਅਧਿਆਪਨ ਪ੍ਰੀਕਿਰਿਆ ਵਿੱਚ ਅਧਿਆਪਕ ਨੂੰ ਕੇਵਲ ਗਾਈਡ ਬਣ ਕੇ ਨਹੀਂ ਬਲਕਿ ਵਿਦਿਆਰਥੀ ਦੇ ਜੀਵਨ ਵਿੱਚ ਅਗਵਾਈ ਵੀ ਕਰਨੀ ਚਾਹੀਦੀ ਹੈ।
ਡਾ. ਜਸਪਾਲ ਵਰਵਲ ਨੇ ਸਹਿਯੋਗਾਤਮਕ ਸਿੱਖਣ ਪ੍ਰੀਕਿਰਿਆ ਬਾਰੇ ਇਤਿਹਾਸਕ ਪਰਿਪੇਖ ਵਿੱਚ ਗੱਲ ਕਰਦੇ ਕਿਹਾ ਕਿ ਇਹ ਸ਼ਬਦ ਕੇਵਲ ਸਮੱਸਿਆ ਸਮਾਧਾਨ ਲਈ ਵਰਤਿਆਂ ਜਾਂਦਾ ਸੀ ਪ੍ਰੰਤੂ ਅਜੋਕੇ ਯੁੱਗ ਵਿੱਚ ਇਹ ਪ੍ਰੋਜੈਕਟ ਵਿਧੀ ਦੇ ਰੂਪ ਵਿੱਚ ਵਰਤਿਆਂ ਜਾ ਰਿਹਾ ਹੈ। ਇਸ ਵਿੱਚ ਗਰੁੱਪ ਲਰਨਿੰਗ/ਪੀਅਰ ਗਰੁੱਪ ਲਰਨਿੰਗ ਇੱਕ ਪ੍ਰਭਾਵਸ਼ਾਲੀ ਰੋਲ ਅਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅੰਦਰ ਪਹਿਲਾਂ ਤੋਂ ਪਏ ਤਜ਼ਰਬਿਆਂ ਦੀ ਸਹਾਇਤਾ ਨਾਲ ਨਵੇਂ ਵਿਚਾਰਾਂ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਪੈਦਾ ਕਰਨਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਸ਼੍ਰੀ ਜਤਿੰਦਰ ਸਿੰਘ, ਸਹਾਇਕ ਪ੍ਰੋਫੈਸਰ ਬਾਟਨੀ ਵਿਭਾਗ ਨੇ ਨਿਭਾਈ।
