11 November 2025 Aj Di Awaaj
Punjab Desk ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਦੇ ਸਕੂਲ ਆਫ਼ ਫਿਜ਼ੀਓਥੈਰੇਪੀ ਐਂਡ ਰੇਡੀਓਲੋਜੀ ਵੱਲੋਂ ਵਿਸ਼ਵ ਰੇਡੀਓਲੋਜੀ ਦਿਵਸ-2025 ਦੇ ਮੌਕੇ ‘ਤੇ “ਏਆਈ-ਡਰਾਈਵਡ ਇਮੇਜਿੰਗ ਐਕਸੀਲੈਂਸ ਰਾਹੀਂ ਰੇਡੀਓਲੋਜੀ ਨੂੰ ਸਸ਼ਕਤ ਬਣਾਉਣਾ” ਥੀਮ ਹੇਠ 6ਵੀਂ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀਐੱਮਈ) ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਆਧੁਨਿਕ ਰੇਡੀਓਲੋਜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਦਰਸਾਉਣਾ ਸੀ, ਜਿਸ ਵਿੱਚ ਵਧੀ ਹੋਈ ਡਾਇਗਨੌਸਟਿਕ ਸ਼ੁੱਧਤਾ, ਵਰਕਫਲੋ ਕੁਸ਼ਲਤਾ ਅਤੇ ਬਿਹਤਰ ਸਿਹਤ ਸੰਭਾਲ ਨਤੀਜਿਆਂ ‘ਤੇ ਜ਼ੋਰ ਦਿੱਤਾ ਗਿਆ।
ਇਹ ਪ੍ਰੋਗਰਾਮ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਗਰੁੱਪ ਵਾਈਸ-ਚਾਂਸਲਰ ਪ੍ਰੋ. ਡਾ. ਸੰਜੇ ਕੁਮਾਰ ਅਤੇ ਪ੍ਰੋ ਵਾਈਸ-ਚਾਂਸਲਰ ਪ੍ਰੋ. ਡਾ. ਸਤੀਸ਼ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸੀਐੱਮਈ ਦਾ ਆਯੋਜਨ ਕਲੀਅਰਮੇਡੀ ਬਾਹਰਾ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਇੰਡੀਅਨ ਸੋਸਾਇਟੀ ਆਫ਼ ਰੇਡੀਓਲੌਜੀਕਲ ਟੈਕਨਾਲੌਜਿਸਟਸ (ਆਈਐੱਸਆਰਟੀ) ਪੰਜਾਬ ਚੈਪਟਰ ਦੇ ਸਹਿਯੋਗ ਨਾਲ ਕੀਤਾ ਗਿਆ। ਯੂਐੱਸਪੀਆਰ ਦੇ ਡੀਨ ਪ੍ਰੋ. ਡਾ. ਲਲਿਤ ਕੁਮਾਰ ਗੁਪਤਾ ਨੇ ਪ੍ਰੋਗਰਾਮ ਦੀ ਯੋਜਨਾਬੰਦੀ ਅਤੇ ਆਰਗੇਨਾਈਜ਼ਿੰਗ ਚੇਅਰਪਰਸਨ ਵਜੋਂ ਸੇਵਾ ਨਿਭਾਈ।
ਸੈਮੀਨਾਰ ਵਿੱਚ ਚੇਅਰਪਰਸਨ ਪੀਐੱਸਏਐੱਚਸੀ ਪੰਜਾਬ ਅਤੇ ਐਸੋਸੀਏਟ ਪ੍ਰੋਫੈਸਰ ਮੈਡੀਕਲ ਫਿਜ਼ਿਕਸ ਵਿਭਾਗ, ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਡਾ. ਵਿਨੋਦ ਕੁਮਾਰ ਡੰਗਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸਦੇ ਇਲਾਵਾ ਖੇਤਰੀ ਕੋਆਰਡੀਨੇਟਰ (ਉੱਤਰ-ਪੱਛਮੀ) ਆਈਐੱਸਆਰਟੀ ਪੰਜਾਬ ਚੈਪਟਰ ਰਣਧੀਰ ਸਿੰਘ ਦੋਆਦ, ਪ੍ਰਧਾਨ ਆਈਐੱਸਆਰਟੀ ਪੰਜਾਬ ਚੈਪਟਰ ਜੋਏ ਅੰਜ਼ਰ ਹਾਮਿਦ, ਸਕੱਤਰ ਆਈਐੱਸਆਰਟੀ ਪੰਜਾਬ ਚੈਪਟਰ ਨਰਿੰਦਰ ਸ਼ਰਮਾ ਅਤੇ ਸੀਨੀਅਰ ਉਪ-ਪ੍ਰਧਾਨ ਚੰਡੀਗੜ੍ਹ ਚੈਪਟਰ ਪ੍ਰੇਮ ਕੁਮਾਰ ਫਨਨ ਵੀ ਮੌਜੂਦ ਸਨ।
ਅਕਾਦਮਿਕ ਸੈਸ਼ਨਾਂ ਵਿੱਚ ਸੀਨੀਅਰ ਸਲਾਹਕਾਰ-ਰੇਡੀਓਲੋਜੀ, ਕਲੀਅਰਮੇਡੀ ਬਾਹਰਾ ਮਲਟੀਸਪੈਸ਼ਲਿਟੀ ਹਸਪਤਾਲ, ਮੋਹਾਲੀ, ਡਾ. ਵਿਪਿਨ ਸੁਚਕ ਅਤੇ ਸੀਨੀਅਰ ਵਾਈਸ-ਪ੍ਰੈਜ਼ੀਡੈਂਟ ਆਈਐੱਸਆਰਟੀ ਪੰਜਾਬ ਚੈਪਟਰ ਮਨਜਿੰਦਰ ਕੌਰ ਧਨੋਆ ਵੱਲੋਂ ਭਾਸ਼ਣ ਦਿੱਤੇ ਗਏ। ਉਨ੍ਹਾਂ ਨੇ ਚਿੱਤਰ ਵਿਵਸਥਾ ਵਿਚ ਸੁਧਾਰ ਲਿਆਉਣ, ਡਾਇਗਨੌਸਟਿਕ ਗਲਤੀਆਂ ਘਟਾਉਣ ਅਤੇ ਤਕਨਾਲੋਜੀ ਨੂੰ ਕਲੀਨਿਕਲ ਕੁਸ਼ਲਤਾ ਨਾਲ ਜੋੜਨ ਵਿਚ ਏਆਈ ਦੀ ਬਦਲਦੀ ਭੂਮਿਕਾ ‘ਤੇ ਜ਼ੋਰ ਦਿੱਤਾ।
ਇਸ ਮੌਕੇ ਸੀਐੱਮਈ ਵਿੱਚ ਫੈਕਲਟੀ, ਟੈਕਨੋਲੋਜਿਸਟ, ਖੋਜਕਰਤਾ ਅਤੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਸਮੇਤ 270 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।














