7November 2025 Aj Di Awaaj
Punjab Desk ਮੁੱਖ ਮੰਤਰੀ ਭਗਵੰਤ ਮਾਨ ਬਾਰੇ ਏਆਈ ਰਾਹੀਂ ਬਣਾਈ ਗਈ ਵੀਡੀਓ ਮਾਮਲੇ ਵਿੱਚ ਨਾਮਜ਼ਦ ਜਗਮਨ ਸਮਰਾ ਅਤੇ ਉਸਦਾ ਪੁੱਤਰ ਹਰਕੀਰਤ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਸਮਰਾ ਦੇ ਪੁੱਤਰ ਦਾ ਨਾਮ ਇਕ ਨਕਲੀ ਕ੍ਰਿਪਟੋ ਕਰੰਸੀ ਰੈਕਟ ਅਤੇ ਮਨੁੱਖੀ ਤਸਕਰੀ ਨਾਲ ਸਬੰਧਿਤ ਐੱਫਆਈਆਰ ਵਿੱਚ ਵੀ ਦਰਜ ਹੈ।
ਸਾਈਬਰ ਕ੍ਰਾਈਮ ਦੇ ਏਸੀਪੀ ਮੁਰਾਦ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਬਾਰੇ ਅਪਮਾਨਜਨਕ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਹੋਣ ਤੋਂ ਬਾਅਦ ਸਾਈਬਰ ਪੁਲਿਸ ਨੇ 24 ਅਕਤੂਬਰ ਨੂੰ ਸਬ-ਇੰਸਪੈਕਟਰ ਹਰਿੰਦਰ ਪਾਲ ਸਿੰਘ ਦੇ ਬਿਆਨ ‘ਤੇ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਜਗਮਨ ਸਮਰਾ ਦੇ ਚਾਰ ਨਜ਼ਦੀਕੀ ਸਾਥੀ — ਪਰਮੈਲ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਕਾਰਥਿਕ ਮਿੱਤਲ ਅਤੇ ਬਚਿੱਤਰ ਸਿੰਘ — ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਜਗਮਨ ਸਮਰਾ ਅਤੇ ਉਸਦੇ ਪੁੱਤਰ ਨੇ ਨਕਲੀ ਕ੍ਰਿਪਟੋ ਕਰੰਸੀ ਅਤੇ ਮਨੁੱਖੀ ਤਸਕਰੀ ਰਾਹੀਂ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਇਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਦਫ਼ਤਰ ਖੋਲ੍ਹੇ ਹੋਏ ਸਨ। ਪੁਲਿਸ ਹੁਣ ਉਨ੍ਹਾਂ ਧੋਖੇਬਾਜ਼ੀਆਂ ਦਾ ਸ਼ਿਕਾਰ ਹੋਏ ਪੀੜਤਾਂ ਦੀ ਸੂਚੀ ਤਿਆਰ ਕਰ ਰਹੀ ਹੈ।














