ਤਰਨ ਤਾਰਨ, 31 ਜੁਲਾਈ 2025 AJ DI Awaaj
Punjab Desk : ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਜਿਲ੍ਹਾ ਤਰਨ ਤਾਰਨ ਵਿੱਚ ਬਾਗਬਾਨੀ ਕਿੱਤਾ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਮੋਹਰੀ ਸਾਬਿਤ ਹੋ ਰਿਹਾ ਹੈ। ਜਿਲ੍ਹਾ ਤਰਨ ਤਾਰਨ ਦੇ ਬਲਾਕ ਵਲਟੋਹਾ ਦੇ ਪਿੰਡ ਜੋਧ ਸਿੰਘ ਵਾਲਾ ਦੇ ਅਗਾਂਹ ਵਧੂ ਕਿਸਾਨ ਗੁਰਵਰਿਆਮ ਸਿੰਘ ਨੇ ਵਿਦੇਸ਼ ਆਪਣੇ ਭਰਾ ਕੋਲ ਜਾਣ ਤੋਂ ਇਨਕਾਰ ਕਰਕੇ ਆਪਣੇ ਪਿਤਾ ਸ੍ਰ. ਜਸਵੰਤ ਸਿੰਘ ਦੇ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਬਾਗਬਾਨੀ ਵਿਭਾਗ ਪਾਸੋਂ ਸੁਰੱਖਿਅਤ ਖੇਤੀ ਕਰਨ ਦੀ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਸਾਲ 2023-24 ਦੌਰਾਨ ਬਾਗਬਾਨੀ ਵਿਭਾਗ ਨਾਲ ਤਾਲਮੇਲ ਕਰਕੇ ਇੱਕ ਏਕੜ ਦਾ ਸ਼ੈੱਡਨੈਟ ਹਾਉਸ ਲਗਾਇਆ।
ਅਗਾਂਹ ਵਧੂ ਕਿਸਾਨ ਸ਼੍ਰੀ ਗੁਰਵਰਿਆਮ ਸਿੰਘ ਵੱਲੋਂ ਸ਼ੈੱਡਨੈੱਟ ਹਾਉਸ ਵਿੱਚ ਖੀਰੇ ਦੀ ਕਾਸ਼ਤ ਕਰਕੇ ਆਪਣੇ ਇਲਾਕੇ ਦੇ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ।
ਇਹ ਕਿਸਾਨ ਆਪਣੀ ਸਬਜ਼ੀ ਤੇ ਪਨੀਰੀਆਂ ਦੀ ਗੁਣਵੰਨਤਾ ਵਧਾਉਣ ਵਾਸਤੇ ਬਾਗਬਾਨੀ ਵਿਭਾਗ ਅਤੇ ਪੀ. ਏ. ਯੂ. ਲੁਧਿਆਣਾ ਵਲੋਂ ਸਮੇਂ-ਸਮੇਂ ਲਗਾਏ ਜਾਂਦੇ ਕੈਂਪਾਂ, ਸੈਮੀਨਾਰਾਂ ਵਿਚ ਆਪਣੇ ਪਰਿਵਾਰ ਸਮੇਤ ਭਾਗ ਲੈਂਦਾ ਹੈ ਅਤੇ ਮਾਹਿਰਾਂ ਵਲੋਂ ਦਿੱਤੀਆਂ ਤਕਨੀਕੀ ਸਿਫਾਰਸ਼ਾ ਅਨੁਸਾਰ ਹੀ ਆਪਣੀ ਫਸਲ ਦੀ ਸਾਂਭ-ਸੰਭਾਲ ਕਰਦੇ ਆ ਰਹੇ ਹਨ।
ਇਹ ਕਿਸਾਨ ਆਪਣੇ ਇੱਕ ਏਕੜ ਖੇਤ ਵਿੱਚ ਲੱਗੇ ਸ਼ੈੱਡਨੈਟ ਹਾਊਸ ਵਿੱਚੋਂ 4.0 ਏਕੜ ਕਣਕ-ਝੋਨਾ ਲਾਉਣ ਵਾਲੇ ਕਿਸਾਨਾਂ ਨਾਲੋਂ ਵੱਧ ਕਮਾਈ ਕਰ ਰਿਹਾ ਹੈ।
ਸਹਾਇਕ ਡਾਇਰੈਕਟਰ ਬਾਗਬਾਨੀ ਪੱਟੀ ਸ੍ਰ. ਜਸਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਵੱਲੋਂ ਸ਼ੈੱਡਨੈਟ ਹਾਊਸ ਅੰਦਰ ਸਾਲ ਵਿੱਚ ਦੋ ਵਾਰ ਖੀਰੇ ਦੀ ਫਸਲ ਤਿਆਰ ਕੀਤੀ ਜਾਂਦੀ ਹੈ ਅਤੇ ਉੱਪਜ ਦੀ ਸਹੀ ਦਰਜਾਬੰਦੀ, ਪੈਕਿੰਗ ਕਰਕੇ ਕਿਸਾਨ ਵੱਲੋਂ ਖੁਦ ਮੰਡੀ ਕਰਨ ਕੀਤਾ ਜਾਂਦਾ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਸ੍ਰ. ਤਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕਿਸਾਨ ਦਾ ਭਰਾ ਜੋ ਪਿਛਲੇ 7 ਸਾਲ ਤੋਂ ਇਟਲੀ ਵਿੱਚ ਸੀ, ਉਹ ਵੀ ਹੁਣ ਇਸ ਕਿੱਤੇ ਨੂੰ ਅਪਨਾਉਣ ਲਈ ਵਾਪਸ ਆਪਣੇ ਪਿੰਡ ਆ ਗਿਆ ਹੈ ਅਤੇ ਇਸ ਸਾਲ 2025 ਵਿੱਚ ਉਸ ਵੱਲੋਂ ਵੀ ਇੱਕ ਸ਼ੈੱਡਨੈਟ ਹਊਸ ਬਣਾਇਆ ਜਾਣਾ ਹੈ।
ਇਸ ਸਫਲ ਕਿਸਾਨ ਵੱਲੋਂ ਬਣਾਈ ਗਈ ਪੈੜ ਉੱਪਰ ਇਲਾਕੇ ਦੇ ਹੋਰ ਕਿਸਾਨਾਂ ਵੱਲੋਂ ਵੀ ਬਾਗਬਾਨੀ ਕਿੱਤੇ ਨੂੰ ਅਪਨਾਇਆ ਜਾ ਰਿਹਾ ਹੈ ਅਤੇ ਆਪਣੀ ਆਰਥਿਕਤਾ ਨੂੰ ਖੁਸ਼ਹਾਲ ਬਣਾਇਆ ਜਾ ਰਿਹਾ ਹੈ।
