03 july 2025 AJ DI Awaaj
ਬੁਲੰਦਸ਼ਹਿਰ – ਖੇਡ ਜਗਤ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ 22 ਸਾਲਾ ਕਬੱਡੀ ਖਿਡਾਰੀ ਬ੍ਰਿਜੇਸ਼ ਦੀ ਰੇਬੀਜ਼ ਕਾਰਨ ਮੌ*ਤ ਹੋ ਗਈ। ਬ੍ਰਿਜੇਸ਼ ਨੇ ਲਗਭਗ ਦੋ ਮਹੀਨੇ ਪਹਿਲਾਂ ਫਰਾਨਾ ਪਿੰਡ ਵਿੱਚ ਇੱਕ ਨਾਲੇ ਵਿੱਚ ਡਿੱਗੇ ਅਵਾਰਾ ਕੁੱਤੇ ਨੂੰ ਬਚਾਇਆ ਸੀ। ਇਸ ਦੌਰਾਨ, ਉਸ ਕੁੱਤੇ ਨੇ ਉਸਦੇ ਸੱਜੇ ਹੱਥ ਦੀ ਉਂਗਲੀ ਨੂੰ ਵੱਢ ਲਿਆ ਸੀ। ਬ੍ਰਿਜੇਸ਼ ਨੇ ਇਸਨੂੰ ਮਾਮੂਲੀ ਸੱਟ ਮੰਨ ਕੇ ਐਂਟੀ-ਰੇਬੀਜ਼ ਟੀਕਾ ਨਹੀਂ ਲਗਵਾਇਆ।
ਕੁਝ ਦਿਨ ਪਹਿਲਾਂ ਬ੍ਰਿਜੇਸ਼ ਨੂੰ ਰੇਬੀਜ਼ ਦੇ ਲੱਛਣ ਵੱਖੋ-ਵੱਖਰੇ ਤਰੀਕਿਆਂ ਨਾਲ ਨਜ਼ਰ ਆਉਣ ਲੱਗੇ। ਵੀਰਵਾਰ ਨੂੰ ਉਸਦਾ ਸੱਜਾ ਹੱਥ ਸੁੰਨ ਹੋ ਗਿਆ ਅਤੇ ਦੁਪਹਿਰ ਤੱਕ ਪੂਰਾ ਸਰੀਰ ਅਸਰਗ੍ਰਸਤ ਹੋ ਗਿਆ। ਪਰਿਵਾਰ ਵਲੋਂ ਤੁਰੰਤ ਅਲੀਗੜ੍ਹ ਦੇ ਜੀਵਨ ਜੋਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਤੋਂ ਮਥੁਰਾ ਅਤੇ ਫਿਰ ਦਿੱਲੀ ਦੇ ਜੀਟੀਬੀ ਹਸਪਤਾਲ ਰੈਫਰ ਕੀਤਾ ਗਿਆ। ਦਿੱਲੀ ਵਿੱਚ ਟੈਸਟਾਂ ‘ਚ ਰੇਬੀਜ਼ ਦੀ ਪੁਸ਼ਟੀ ਹੋਈ।
ਸ਼ੁੱਕਰਵਾਰ ਸਵੇਰੇ, ਜਦੋਂ ਉਹ ਪਿੰਡ ਵਾਪਸ ਲਿਆਂਦੇ ਜਾ ਰਹੇ ਸਨ, ਰਸਤੇ ਵਿੱਚ ਹੀ ਬ੍ਰਿਜੇਸ਼ ਦੀ ਮੌ*ਤ ਹੋ ਗਈ। ਮ੍ਰਿਤ*ਕ ਬ੍ਰਿਜੇਸ਼ ਕਬੱਡੀ ‘ਚ ਸਟੇਟ ਚੈਂਪੀਅਨ ਰਹਿ ਚੁੱਕਾ ਸੀ ਅਤੇ ਪ੍ਰੋ ਕਬੱਡੀ ਲੀਗ ਵਿੱਚ ਖੇਡਣ ਦੀ ਤਿਆਰੀ ਕਰ ਰਿਹਾ ਸੀ।
ਇਹ ਘਟਨਾ ਤਿੰਨ ਦਿਨ ਪਹਿਲਾਂ ਵਾਪਰੀ ਸੀ, ਪਰ ਐਤਵਾਰ ਨੂੰ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ।
ਇਸ ਮਾਮਲੇ ਨੇ ਲੋਕਾਂ ਵਿਚ ਰੇਬੀਜ਼ ਵਿਰੁੱਧ ਜਾਗਰੂਕਤਾ ਦੀ ਲੋੜ ਨੂੰ ਇੱਕ ਵਾਰ ਫਿਰ ਉਭਾਰਿਆ ਹੈ।
