ਹੋਲਾ ਮਹੱਲਾ ਦੇ ਦੂਸਰੇ ਦਿਨ ਵਿਰਾਸਤ ਏ ਖਾਲਸਾ ਵਿੱਚ ਸੈਲਾਨੀਆਂ ਨੇ ਘੱਤੀਆਂ ਵਹੀਰਾ ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ 2025 Aj Di Awaaj
ਹੋਲਾ ਮਹੱਲਾ ਦੇ ਦੂਜੇ ਦਿਨ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਨੂੰ ਦੇਖਣ ਲਈ ਵੱਡੀ ਗਿਣਤੀ ਸੈਲਾਨੀਆਂ ਨੇ ਵਹੀਰਾ ਘੱਤੀਆਂ ਹੋਈਆਂ ਹਨ। ਟਿਕਟ ਖਿੜਕੀ ਉਤੇ ਬੇਸੂਮਾਰ ਭੀੜ ਲੱਗੀ ਹੋਈ ਹੈ ਤੇ ਲੋਕ ਘੰਟੀਆਂ ਬੱਧੀ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸੰਸਾਰ ਭਰ ਵਿੱਚ ਸਭ ਤੋ ਤੇਜ਼ੀ ਨਾਲ ਵੇਖੇ ਜਾਣ ਵਾਲੇ ਵਿਰਾਸਤ ਏ ਖਾਲਸਾ ਮਿਊਜੀਅਮ ਨੂੰ ਵਰਲਡ ਬੁੱਕ, ਲਿਮਕਾ ਬੁੱਕ ਤੇ ਹੋਰ ਕਈ ਸਾਰੇ ਐਵਾਰਡ ਨਾਲ ਨਵਾਜਿਆ ਗਿਆ ਹੈ। ਇਸ ਦੇ ਬੇਮਿਸਾਲ ਰੱਖ ਰਖਾਓ ਕਾਰਨ ਸੰਸਾਰ ਭਰ ਤੋਂ ਆਈਆਂ ਨਾਮਵਰ ਹਸਤੀਆਂ ਨੇ ਇੱਥੇ ਪਹੁੰਚ ਕੇ ਆਪਣੇ ਵਿਚਾਰ ਵਿਜੀਟਰ ਬੁੱਕ ਵਿੱਚ ਦਰਜ ਕਰਵਾਏ ਹਨ। ਭਾਵੇਂ ਰੋਜ਼ਾਨਾ 4 ਤੋ 5 ਹਜਾਰ ਸੈਲਾਨੀ ਵਿਰਾਸਤ ਏ ਖਾਲਸਾ ਦੇਖਣ ਲਈ ਆਉਦੇ ਹਨ ਪ੍ਰੰਤੂ ਸੈਰ ਸਪਾਟਾ ਵਿਭਾਗ ਵੱਲੋਂ ਕੀਤੇ ਉਚੇਚੇ ਪ੍ਰਬੰਧਾਂ ਕਾਰਨ ਇਸ ਵਾਰ ਹੋਲਾ ਮਹੱਲਾ ਦੌਰਾਨ ਵਿਰਾਸਤ ਏ ਖਾਲਸਾ ਦੇਖਣ ਲਈ ਸੈਲਾਨੀਆਂ ਦੀ ਆਮਦ ਤੇਜੀ ਨਾਲ ਵੱਧ ਰਹੀ ਹੈ। ਪ੍ਰਬੰਧਕਾਂ ਵੱਲੋਂ ਸੈਲਾਨੀਆਂ ਦੀ ਸਹੂਲਤ ਅਤੇ ਸੁਰੱਖਿਆਂ ਦੇ ਢੁਕਵੇ ਪ੍ਰਬੰਧ ਕੀਤੇ ਗਏ ਹਨ। ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਇੱਥੇ 24×7 ਡਿਊਟੀ ਤੇ ਰੋਟੇਸ਼ਨ ਨਾਲ ਤੈਨਾਤ ਹਨ।
ਨਿਗਰਾਨ ਇੰਜੀਨਿਅਰ ਸੈਰ ਸਪਾਟਾ ਬੀ.ਐਸ.ਚਾਨਾ ਨੇ ਜਾਣਕਾਰੀ ਦਿੱਤੀ ਕਿ ਵਿਰਾਸਤ ਏ ਖਾਲਸਾ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ, ਉਨ੍ਹਾਂ ਦੇ ਸਟਾਫ ਵੱਲੋਂ ਇਸ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਐਸ.ਡੀ.ਓ ਸੁਰਿੰਦਰਪਾਲ, ਰਾਜੇਸ਼ ਸ਼ਰਮਾ, ਭੁਪਿੰਦਰ ਸਿੰਘ ਵੱਲੋਂ ਸਮੁੱਚੇ ਵਿਰਾਸਤ ਏ ਖਾਲਸਾ ਦੇ ਕੰਮਪਾਊਡ ਵਿੱਚ ਕੀਤੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਿਰਾਸਤ ਏ ਖਾਲਸਾ ਵਿੱਚ ਸਾਫ ਸਫਾਈ ਅਤੇ ਸੈਲਾਨੀਆਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਵੱਜੋਂ ਆਉਣ ਵਾਲੇ ਸੈਲਾਨੀਆਂ ਵੱਲੋ ਸਰਾਹਿਆ ਜਾ ਰਿਹਾ ਹੈ। ਅਗਲੇ ਦੋ ਦਿਨਾਂ ਦੌਰਾਨ ਇੱਥੇ ਵੱਡੀ ਗਿਣਤੀ ਸੈਲਾਨੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ।
