ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਟਾਲਾ। ਬਟਾਲਾ, 10 ਮਾਰਚ 2025 Aj Di Awaaj
ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਵਿੱਚ ਸਰਪੰਚਾਂ, ਪਟਵਾਰੀਆਂ, ਨੰਬਰਦਾਰਾਂ ਅਤੇ ਕੌਂਸਲਰਾਂ ਦੀ ਕੀਤੀ ਜਾਂਦੀ ਵੈਰੀਫਿਕੇਸ਼ਨ ਦਾ ਕੰਮ ਵੀ ਹੁਣ ਆਨਲਾਈਨ ਕਰ ਦਿੱਤਾ ਗਿਆ ਹੈ।ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅੱਗੇ ਦੱਸਿਆ ਕਿ ਪਹਿਲਾਂ ਇਹ ਵੈਰੀਫਿਕੇਸ਼ਨ ਕੇਵਲ ਦਸਤੀ ਕਰਵਾਈ ਜਾਂਦੀ ਸੀ, ਜਿਸ ਕਾਰਨ ਵੱਧ ਸਮਾਂ ਲੱਗਦਾ ਸੀ, ਪਰ ਹੁਣ ਇਹ ਕੰਮ ਆਨਲਾਈਨ ਕਰ ਦਿੱਤਾ ਗਿਆ ਹੈ ਅਤੇ ਉਕਤ ਪਤਵੰਤੇ ਆਪਣੇ ਮੋਬਾਈਲ ਫ਼ੋਨ ਤੋਂ ਇਹ ਵੈਰੀਫਿਕੇਸ਼ਨ ਸਕਿੰਟਾਂ ਵਿੱਚ ਕਰ ਸਕਦੇ ਹਨ, ਜਿਸ ਨਾਲ ਕਿਸੇ ਵੀ ਸੇਵਾ ਨੂੰ ਪੂਰਾ ਕਰਨ ਵਿੱਚ ਸਮਾਂ ਬਹੁਤ ਘੱਟ ਜਾਵੇਗਾ।
ਉਨਾਂ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਵੈਰੀਫਿਕੇਸ਼ਨ ਸਬੰਧੀ ਸਰਪੰਚਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ । ਉਨ੍ਹਾਂ ਨੂੰ ਦੱਸਿਆ ਕਿ ਸਾਡੇ ਵੱਲੋਂ ਤਿਆਰ ਕੀਤੀ ਗਈ ਟੈਕਨੀਕਲ ਟੀਮ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਪਹੁੰਚ ਕੇ ਸਰਪੰਚਾਂ ਨੂੰ ਇਸ ਵੈਰੀਫਿਕੇਸ਼ਨ ਤੋਂ ਇਲਾਵਾ ਹੋਰ ਡਿਜ਼ੀਟਲ ਸੇਵਾਵਾਂ ਦੀ ਜਾਣਕਾਰੀ ਦੇ ਰਹੀ ਹੈ, ਤਾਂ ਜੋ ਉਹ ਇਹਨਾਂ ਸੇਵਾਵਾਂ ਦਾ ਲਾਭ ਆਪਣੇ ਪਿੰਡ ਅਤੇ ਪਿੰਡ ਵਾਸੀਆਂ ਲਈ ਲੈ ਸਕਣ।ਉਨ੍ਹਾਂ ਦੱਸਿਆ ਕਿ ਇਸ ਨਾਲ ਹੁਣ ਦਸਤਾਵੇਜ਼ ਦੀ ਆਨਲਾਈਨ ਟਰੈਕਿੰਗ ਵੀ ਹੋ ਸਕੇਗੀ ਕਿ ਉਕਤ ਫਾਈਲ ਇਸ ਵੇਲੇ ਕਿਸ ਕਰਮਚਾਰੀ ਕੋਲ ਪੈਂਡਿੰਗ ਪਈ ਹੈ, ਜਿਸ ਨਾਲ ਕੰਮ ਵਿੱਚ ਪਾਰਦਰਸ਼ਤਾ ਵੀ ਆਵੇਗੀ। ਇਸ ਤੋਂ ਇਲਾਵਾ ਕਿਸੇ ਵੀ ਨਾਗਰਿਕ ਨੂੰ ਇਸ ਵੈਰੀਫਿਕੇਸ਼ਨ ਲਈ ਆਪਣੇ ਇਲਾਕੇ ਦੇ ਸਰਪੰਚ ਜਾਂ ਨੰਬਰਦਾਰ ਦੇ ਘਰ ਜਾਣ ਦੀ ਲੋੜ ਨਹੀਂ ਪਵੇਗੀ, ਬਲਕਿ ਉਸ ਨਾਲ ਟੈਲੀਫ਼ੋਨ ਉੱਤੇ ਰਾਬਤਾ ਕਰਕੇ ਇਹ ਵੈਰੀਫਿਕੇਸ਼ਨ ਪੂਰੀ ਕਰਵਾਈ ਜਾ ਸਕੇਗੀ।
