ਜ਼ਿਲ੍ਹੇ ’ਚ ਓਪਰੇਸ਼ਨ ਸੀਲ-9 ਤਹਿਤ 11 ਇੰਟਰ ਸਟੇਟ ਨਾਕਿਆਂ ’ਤੇ ਚੈਕਿੰਗ ਜਾਰੀ

40

ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਮੰਗੂਵਾਲ ਬੈਰੀਅਰ ’ਤੇ ਕੀਤੀ ਚੈਕਿੰਗ ਕੀ ਸਮੀਖਿਆ                                    ਕਿਹਾ ਨਸ਼ਾ ਸਮਗਲਰਾਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ, ਗੜ੍ਹਦੀਵਾਲ ਵਾਸੀ ਸਤਪਾਲ ਦੀ 38 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮ ਪ੍ਰਾਪਤ

ਹੁਸ਼ਿਆਰਪੁਰ 7 ਮਾਰਚ 2025 Aj Di Awaaj

ਪੰਜਾਬ ਸਰਕਾਰ ਦੀ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਸੂਬੇ ’ਚ ਸ਼ੁਰੂ ਕੀਤੇ ਓਪਰੇਸ਼ਨ ਸੀਲ-9 ਹੇਠ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ 11 ਇੰਟਰ ਸਟੇਟ ਨਾਕਿਆਂ ’ਤੇ ਚੈਕਿੰਗ ਜਾਰੀ ਹੈ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਸਵੇਰੇ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਸਥਾਪਿਤ ਮੰਗੂਵਾਲ ਪੁਲਿਸ ਨਾਕੇ ’ਤੇ ਪਹੁੰਚ ਕੇ ਚੈਕਿੰਗ ਦੀ ਸਮੀਖਿਆ ਕਰਦਿਆਂ ਕਿਹਾ ਕਿ ਓਪਰੇਸ਼ਨ ਦਾ ਮਕਸਦ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਨਾਜਾਇਜ਼ ਗਤੀਵਿਧੀਆਂ ਅਤੇ ਜ਼ੁਰਮ ਕਰਕੇ ਦੂਜੇ ਸੂਬਿਆਂ ’ਚ ਪ੍ਰਵੇਸ਼ ਕਰਨ ਵਾਲੇ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਕਾਬੂ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਸਮਗਲਰਾਂ ਵਿਰੁੱਧ ਪੂਰੀ ਸਖਤੀ ਨਾਲ ਵਰਤੀ ਜਾਵੇਗੀ ਅਤੇ ਉਨ੍ਹਾਂ ਵਲੋਂ ਡਰੱਗ ਮਨੀ ਰਾਹੀਂ ਬਣਾਈਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਹੁਣ ਤੱਕ 25 ਕਰੋੜ ਤੋਂ ਵੱਧ ਦੀ ਅਜਿਹੀ ਪ੍ਰਾਪਰਟੀ ਫਰੀਜ਼ ਕੀਤੀ ਜਾ ਚੁੱਕੀ ਹੈ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਕੱਲ੍ਹ ਹੀ ਸਮਰਥ ਅਥਾਰਟੀ ਵਲੋਂ ਗੜ੍ਹਦੀਵਾਲਾ ਵਾਸੀ ਸਤਪਾਲ, ਜੋ ਐਨ.ਡੀ.ਪੀ.ਐਸ. ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਦੀ 38 ਲੱਖ ਰੁਪਏ ਤੋਂ ਵੱਧ ਕੀਮਤ ਵਾਲੀ ਪ੍ਰਾਪਰਟੀ ਫਰੀ਼ਜ਼ ਕਰਨ ਦੇ ਹੁਕਮ ਪ੍ਰਾਪਤ ਹੋਏ ਹਨ ਜਿਸ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਾਲ 2025 ਵਿਚ ਹੁਣ ਤੱਕ 80 ਮਾਮਲੇ ਦਰਜ ਕਰਕੇ 102 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਤੋਂ ਵੱਡੇ ਪੱਧਰ ’ਤੇ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਨੇ ਨਸ਼ਾ ਸਮਗਲਰਾਂ ਅਤੇ ਨਸ਼ਿਆਂ ਦੇ ਧੰਦੇ ’ਚ ਸ਼ਾਮਲ ਲੋਕਾਂ ਨੂੰ ਸਪੱਸ਼ਟ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਕੀਮਤ ’ਤੇ ਕਿਸੇ ਤਰ੍ਹਾਂ ਦਾ ਲਿਹਾਜ਼ ਨਹੀਂ ਹੋਵੇਗਾ।