ਜਿਲ੍ਹਾ ਪ੍ਰਸਾਸ਼ਨ ਦੀ ਵੈਬਸਾਈਟ ਤੇ ਸੋਸ਼ਲ ਮੀਡੀਆ ਹੈਡਲ ਤੇ ਉਪਲੱਬਧ ਹੋਵੇਗੀ ਜਾਣਕਾਰੀ- ਹਿਮਾਂਸੂ ਜੈਨ ਗੁਰੂ ਨਗਰੀ ਦੀਆਂ ਪਵਿੱਤਰ,ਧਾਰਮਿਕ ਤੇ ਇਤਿਹਾਸਕ ਸਥਾਨਾ ਬਾਰੇ ਮਿਲੇਗੀ ਜਾਣਕਾਰੀ, ਰਾਸ਼ਟਰੀ/ਅੰਤਰਰਾਸ਼ਟਰੀ ਲੋਕ ਹੋਣਗੇ ਸ਼ਾਮਿਲ
ਸ੍ਰੀ ਅਨੰਦਪੁਰ ਸਾਹਿਬ 5 ਮਾਰਚ 2025 Aj Di Awaaj
ਹਿਮਾਸ਼ੂ ਜੈਨ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਨੇ ਹੋਲਾ ਮੁਹੱਲਾ 2025 ਦੇ ਮੌਕੇ ‘ਤੇ ਵਿਰਾਸਤੀ ਵਾਕ ਦਾ ਆਯੋਜਨ ਕੀਤਾ ਹੈ। ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੈਰੀਟੇਜ ਵਾਕ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵਿਰਾਸਤੀ ਸੈਰ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਵਾਈਟ ਸਿਟੀ ਦੇ ਵਿਦਿਅਕ ਕਦਰਾਂ ਕੀਮਤਾ ਅਤੇ ਸੱਭਿਆਚਾਰਕ ਅਨੁਭਵ ਦੀ ਪੇਸ਼ਕਸ਼ ਕਰੇਗਾ। ਇਸ ਵਿੱਚ ਇੱਕ ਸੈਰ-ਸਪਾਟਾ ਪ੍ਰੋਗਰਾਮ ਦੇ ਤੌਰ ‘ਤੇ ਸੇਵਾ ਕਰਨ ਦੀ ਸਮਰੱਥਾ ਵੀ ਹੈ। ਵਿਰਾਸਤੀ ਸੈਰ ਵਿੱਚ ਉਤਸ਼ਾਹਿਤ ਕਰਨਾ ਅਤੇ ਭਾਈਚਾਰੇ ਦੀ ਸ਼ਮੂਲੀਅਤ ਤੇ ਜਾਗਰੂਕਤਾ ਨੂੰ ਹੁਲਾਰਾ ਦੇਣਾ ਅਤੇ ਗੁਰੂ ਨਗਰੀ ਦਾ ਅਮੀਰ ਸੱਭਿਆਚਾਰ ਇਤਿਹਾਸ ਵਿਰਾਸਤ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀ, ਸਥਾਨਕ ਭਾਈਚਾਰਾ, ਵਿਦਿਆਰਥੀ, ਵਿਦਿਅਕ ਸਮੂਹ ਅਤੇ ਸੱਭਿਆਚਾਰਕ ਵਿਸ਼ਿਆ ਨਾਲ ਜੁੜੇ ਬੁੱਧੀਜੀਵੀ ਇਸ ਵਿੱਚ ਸਾਮਿਲ ਹੋ ਕੇ ਆਪਣੇ ਗਿਆਨ ਵਿਚ ਹੋਰ ਵਾਧਾ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 8 ਮਾਰਚ ਤੋਂ 10 ਮਾਰਚ 2025 ਤੱਕ ਦਿਨ ਵਿੱਚ ਦੋ ਵਾਰ ਹੈਰੀਟੇਜ ਸੈਰ ਦਾ ਆਯੋਜਨ ਕੀਤਾ ਜਾਵੇਗਾ। ਇਸ ਨੂੰ ਦੋ ਭਾਗਾ ਵਿਚ ਵੰਡਿਆ ਗਿਆ ਹੈ, ਪਹਿਲੀ ਯਾਤਰਾ ਦਾ ਸਮਾਂ ਸਵੇਰੇ 9 ਵਜੇ ਤੋ 12 ਵਜੇ ਤੱਕ ਅਤੇ ਦੂਜੀ ਯਾਤਰਾ ਦੁਪਹਿਰ 2 ਵਜੇ ਤੋ ਸ਼ਾਮ 5 ਵਜੇ ਤੱਕ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਦਿਨ ਕੁੱਲ 4 ਬੈਚ 15 ਪ੍ਰਤੀਭਾਗੀਆਂ ਦੇ ਨਾਲ ਭਾਗ ਲੈਣਗੇ। ਹਰੇਕ ਭਾਗ ਵਿੱਚ 2 ਜਥੇ ਹੋਣਗੇ, 1 ਬੈਚ ਦੇ ਨਾਲ ਇੱਕ ਪੰਜਾਬੀ ਭਾਸ਼ਾ ਵਾਕ ਲੀਡਰ/ਗਾਈਡ ਅਤੇ ਦੂਜਾ ਜਥੇ ਵਿੱਚ ਇੱਕ ਅੰਗਰੇਜੀ/ਹਿੰਦੀ (ਦੋ-ਭਾਸ਼ੀ) ਵਾਕ ਲੀਡਰ/ਗਾਈਡ ਦੇ ਨਾਲ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਸੈਰ ਗੁਰਦੁਆਰਾ ਕਿਲਾ ਫਤਹਿਗੜ੍ਹ ਸਾਹਿਬ ਤੋ ਸੁਰੂ ਹੋ ਕੇ 7 ਮਹੱਤਵਪੂਰਨ ਸਥਾਨਾ ਤੋ ਹੁੰਦੀ ਹੋਈ (ਗੁਰਦੁਆਰਾ ਸ੍ਰੀ ਭੋਰਾ ਸਾਹਿਬ, ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਤੇਗ ਬਹਾਦਰ ਅਜਾਇਬ ਘਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਰੋਵਰ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ) ਅਤੇ ਵਿਰਾਸਤ ਏ ਖਾਲਸਾ ਅਜਾਇਬ ਘਰ ਵਿਖੇ ਸਮਾਪਤ ਹੋਵੇਗੀ। ਇਸ ਵਿਰਾਸਤੀ ਸੈਰ ਬਾਰੇ ਹੋਰ ਵਧੇਰੇ ਜਾਣਕਾਰੀ ਜਿਲ੍ਹਾ ਪ੍ਰਸਾਸ਼ਨ ਦੀ ਵੈਬਸਾਈਟ ਤੇ ਸੋਸ਼ਲ ਮੀਡੀਆ ਹੈਡਲਾਂ ਤੇ ਉਪਲੱਬਧ ਹੋਵੇਗੀ। ਇਸ ਵਿਰਾਸਤੀ ਸੈਰ ਵਿੱਚ ਅੰਤਰਰਾਸ਼ਟਰੀ ਤੇ ਲੋਕਲ ਲੋਕ ਹਿੱਸਾ ਲੈ ਸਕਦੇ ਹਨ ਜਿਨ੍ਹਾ ਨੁੰ ਤਹਿ ਨਿਯਮਾਂ ਤੇ ਸ਼ਰਤਾ ਦੀ ਯਕੀਨੀ ਪਾਲਣਾ ਕਰਨੀ ਹੋਵੇਗੀ।
