ਸੰਗਰੂਰ: ਡਾ. ਅੰਬੇਡਕਰ ਦਾ ਬੁੱਤ ਲਾਉਣ ‘ਤੇ ਪਿੰਡ ਬਘਰੌਲ ‘ਚ ਦੋ ਧਿਰਾਂ ਵਿਚ ਝੜਪ, ਸਰਪੰਚ ਦੇ ਪਤੀ ਸਮੇਤ ਕਈ ਜ਼ਖ਼ਮੀ

48

17 ਫਰਵਰੀ 2025  Aj Di Awaaj

ਪਿੰਡ ਬਘਰੌਲ ’ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਲੈ ਕੇ ਮਾਮਲਾ ਭੱਖਿਆ ਹੋਇਆ ਹੈ। ਬੁੱਤ ਲਾਉਣ ਵਾਲੇ ਤੇ ਉਸ ਦਾ ਵਿਰੋਧ ਕਰਨ ਵਾਲੀਆਂ ਦੋ ਧਿਰਾਂ ’ਚ ਜੰਮ ਕੇ ਲੜਾਈ ਹੋਈ। ਇਸ ਦੌਰਾਨ ਇੱਟਾਂ-ਰੋੜੇ ਚੱਲੇ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ।

 ਦਿੜ੍ਹਬਾ : ਪਿੰਡ ਬਘਰੌਲ ’ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਲੈ ਕੇ ਮਾਮਲਾ ਭੱਖਿਆ ਹੋਇਆ ਹੈ। ਬੁੱਤ ਲਾਉਣ ਵਾਲੇ ਤੇ ਉਸ ਦਾ ਵਿਰੋਧ ਕਰਨ ਵਾਲੀਆਂ ਦੋ ਧਿਰਾਂ ’ਚ ਜੰਮ ਕੇ ਲੜਾਈ ਹੋਈ। ਇਸ ਦੌਰਾਨ ਇੱਟਾਂ-ਰੋੜੇ ਚੱਲੇ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪੂਰਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਚੁੱਕਿਆ ਹੈ। ਇਹ ਬੁੱਤ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਲਗਾਇਆ ਜਾ ਰਿਹਾ ਸੀ ਪਰ ਦੂਜੇ ਪਾਸੇ ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਇਸ ਬੁੱਤ ਨੂੰ ਲਾਉਣ ਦੀ ਜਗ੍ਹਾ ਬਦਲੀ ਜਾਵੇ।

ਪਿੰਡ ਦੀ ਸਰਪੰਚ ਬਲਜਿੰਦਰ ਕੌਰ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਇਹ ਬੁੱਤ ਲਗਾਇਆ ਜਾ ਰਿਹਾ ਸੀ। ਪਿੰਡ ਦੇ ਐੱਸਸੀ ਭਾਈਚਾਰੇ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਇਸ ਜਗ੍ਹਾ ’ਤੇ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਇਆ ਜਾਵੇ, ਸੋ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਥੇ ਬੁੱਤ ਲਗਾਇਆ ਜਾ ਰਿਹਾ ਸੀ। ਬੁੱਤ ਦੀ ਵਿਰੋਧਤਾ ਕਰਨ ਵਾਲੇ ਅਤੇ ਬੁੱਤ ਲਾਉਣ ਵਾਲੇ ਲੋਕਾਂ ’ਚ ਤਕਰਾਰ ਹੋਣ ਤੋਂ ਬਾਅਦ ਇੱਟਾਂ-ਰੋੜੇ ਚੱਲੇ। ਇਸ ਨਾਲ ਉਸ ਦਾ ਪਤੀ ਗੁਰਸੇਵਕ ਸਿੰਘ ਤੇ ਕਈ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜੋ ਸੰਗਰੂਰ ਦੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਦੂਜੀ ਧਿਰ ਵੱਲੋਂ ਲਏ ਗਏ ਸਟੇਅ ਦਾ ਕਾਰਨ ਦੱਸਦੇ ਹੋਏ ਸਰਪੰਚ ਬਲਜਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਟੇਅ ਖ਼ਤਮ ਹੋ ਚੁੱਕੀ ਸੀ। ਇਸ ਕਰਕੇ ਪਿੰਡ ਨੇ ਮਤਾ ਪਾਸ ਕਰਕੇ ਬੁੱਤ ਲਾਉਣ ਦਾ ਫੈ਼ਸਲਾ ਲਿਆ। ਦੂਜੀ ਧਿਰ ਦੇ ਮੁਖੀ ਬਖਸ਼ੀਸ਼ ਸਿੰਘ ਨੇ ਕਿਹਾ ਕਿ ਉਹ ਬੁੱਤ ਲਾਉਣ ਦੇ ਵਿਰੋਧੀ ਨਹੀਂ ਹਨ ਪਰ ਉਨ੍ਹਾਂ ਦੇ ਮੁਹੱਲੇ ’ਚ ਬਿਨਾਂ ਵਜ੍ਹਾ ਬੁੱਤ ਲਗਾਇਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਨੇ ਬੁੱਤ ਨਾ ਲਗਾਉਣ ਦੀ ਸਟੇਅ ਕੋਰਟ ਵੱਲੋਂ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਬੁੱਤ ਲਗਾਉਣਾ ਹੀ ਹੈ ਤਾਂ ਕਿਸੇ ਹੋਰ ਜਗ੍ਹਾ ਲਾਇਆ ਜਾਵੇ।

ਓਧਰ ਪਿੰਡ ਅੰਦਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਪੁਲਿਸ ਛਾਉਣੀ ’ਚ ਬਦਲ ਦਿੱਤਾ ਗਿਆ ਹੈ। ਡੀਐੱਸਪੀ ਦਿੜ੍ਹਬਾ ਪਿ੍ਥਵੀ ਸਿੰਘ ਚਾਹਲ ਖੁਦ ਪਿੰਡ ’ਚ ਹਾਜ਼ਰ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਧਿਰ ਨੂੰ ਜਾਂ ਵਿਅਕਤੀ ਨੂੰ ਪਿੰਡ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿਸੇ ਨੇ ਵੀ ਕਾਨੂੰਨ ਆਪਣੇ ਹੱਥ ’ਚ ਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਬੁੱਤ ਦੀ ਰਖਵਾਲੀ ਲਈ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਇਸ ਝਗੜੇ ਵਿੱਚ ਜੋ ਵਿਅਕਤੀ ਜ਼ਖ਼ਮੀ ਹੋਏ ਹਨ, ਉਨ੍ਹਾਂ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਕਾਰਵਾਈ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।