ਫਾਜ਼ਿਲਕਾ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 10 ਰੋਜ਼ਾ ਸਿਖਲਾਈ ਪ੍ਰੋਗਰਾਮ ਸੰਪੰਨ

4

ਫਾਜ਼ਿਲਕਾ/ਅਬੋਹਰ, 21 ਨਵੰਬਰ 2026 AJ DI Awaaj

Punjab Desk   :- ਕ੍ਰਿਸ਼ੀ ਵਿਗਿਆਨ ਕੇਂਦਰ, ਫਾਜ਼ਿਲਕਾ ਅਤੇ ਭਾ.ਕ੍ਰਿ.ਅਨੁ.ਪ.-ਸੀਫੈਟ, ਖੇਤਰੀ ਕੇਂਦਰ, ਅਬੋਹਰ ਦੇ ਸਾਂਝੇ ਉੱਦਮ ਹੇਠ ਮਿਤੀ 12 ਤੋਂ 21 ਨਵੰਬਰ, 2026 ਤੱਕ ਆਯੋਜਿਤ ਦਸ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਸਮਾਪਨ ਸਮਾਰੋਹ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਰੇਖਾ ਸੂਦ ਹਾਂਡਾ, ਪ੍ਰਿੰਸੀਪਲ, ਗੋਪੀਚੰਦ ਆਰੀਆ ਮਹਿਲਾ ਮਹਾਂਵਿਦਿਆਲਿਆ, ਅਬੋਹਰ ਰਹੇ। ਇਸ ਮੌਕੇ ਡਾ. ਅਮਿਤ ਨਾਥ, ਮੁਖੀ, ਭਾ.ਕ੍ਰਿ.ਅਨੁ.ਪ.-ਸੀਫੈਟ, ਖੇਤਰੀ ਕੇਂਦਰ, ਅਬੋਹਰ ਅਤੇ ਡਾ. ਅਰਵਿੰਦ ਕੁਮਾਰ ਅਹਲਾਵਤ, ਮੁਖੀ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਜ਼ਿਲਕਾ ਵੀ ਹਾਜ਼ਰ ਰਹੇ। ਸਿਖਲਾਈ ਪ੍ਰੋਗਰਾਮ ਦਾ ਤਾਲਮੇਲ ਅਤੇ ਸੰਚਾਲਨ ਡਾ. ਰੂਪਿੰਦਰ ਕੌਰ ਵੱਲੋਂ ਕੀਤਾ ਗਿਆ।ਇਸ ਦਸ ਦਿਨਾਂ ਸਿਖਲਾਈ ਪ੍ਰੋਗਰਾਮ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਆਏ 25 ਮਹਿਲਾ ਅਤੇ ਪੁਰਸ਼ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਅਤੇ ਰਿਸੋਰਸ ਪਰਸਨਾਂ ਵੱਲੋਂ ਮੁੱਲ ਵਾਧੇ ਅਤੇ ਖੁਰਾਕ ਪ੍ਰੋਸੈਸਿੰਗ ਦੀਆਂ ਆਧੁਨਿਕ ਤਕਨੀਕਾਂ, ਵੱਖ-ਵੱਖ ਖੁਰਾਕ ਉਤਪਾਦਾਂ ਦੇ ਨਿਰਮਾਣ, ਪ੍ਰੋਸੈਸਿੰਗ, ਪੈਕੇਜਿੰਗ, ਖੁਰਾਕ ਸੁਰੱਖਿਆ ਅਤੇ ਗੁਣਵੱਤਾ, ਲਾਗਤ ਨਿਰਧਾਰਨ, ਮਾਰਕੀਟਿੰਗ ਅਤੇ ਉੱਦਮਤਾ ਵਿਕਾਸ ਬਾਰੇ ਵਿਸਤ੍ਰਿਤ ਤਕਨੀਕੀ ਅਤੇ ਵਿਹਾਰਕ ਜਾਣਕਾਰੀ ਦਿੱਤੀ ਗਈ। ਮਾਹਿਰਾਂ ਨੇ ਵਿਸ਼ੇਸ਼ ਤੌਰ ‘ਤੇ ਖੁਰਾਕ ਪ੍ਰੋਸੈਸਿੰਗ ਅਧਾਰਤ ਲਘੂ ਉੱਦਮ ਅਤੇ ਸਟਾਰਟਅੱਪ ਇਕਾਈਆਂ ਸਥਾਪਤ ਕਰਨ ਲਈ ਲੋੜੀਂਦੇ ਸਰੋਤਾਂ, ਮਸ਼ੀਨਰੀ, ਨਿਵੇਸ਼, ਉਤਪਾਦਨ ਪ੍ਰਕਿਰਿਆ, ਬਾਜ਼ਾਰ ਦੀਆਂ ਸੰਭਾਵਨਾਵਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਭਾਗੀਦਾਰਾਂ ਦਾ ਮਾਰਗਦਰਸ਼ਨ ਕੀਤਾ।ਸਮਾਪਨ ਸਮਾਰੋਹ ਦੀ ਮੁੱਖ ਮਹਿਮਾਨ ਡਾ. ਰੇਖਾ ਸੂਦ ਹਾਂਡਾ ਨੇ ਭਾਗੀਦਾਰਾਂ ਨੂੰ ਸਿਖਲਾਈ ਦੌਰਾਨ ਹਾਸਲ ਕੀਤੇ ਗਿਆਨ ਅਤੇ ਹੁਨਰ ਦੀ ਵਰਤੋਂ ਸਵੈ-ਰੋਜ਼ਗਾਰ ਅਤੇ ਆਮਦਨ ਵਧਾਉਣ ਲਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਪੇਂਡੂ ਔਰਤਾਂ ਅਤੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਨ ਅਤੇ ਖੁਰਾਕ ਪ੍ਰੋਸੈਸਿੰਗ ਦੇ ਖੇਤਰ ਵਿੱਚ ਉੱਦਮ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਡਾ. ਅਮਿਤ ਨਾਥ ਅਤੇ ਡਾ. ਅਰਵਿੰਦ ਕੁਮਾਰ ਅਹਲਾਵਤ ਨੇ ਵੀ ਸਿਖਲਾਈ ਦੀ ਉਪਯੋਗਤਾ ‘ਤੇ ਚਾਨਣਾ ਪਾਉਂਦਿਆਂ ਭਾਗੀਦਾਰਾਂ ਨੂੰ ਸਥਾਨਕ ਖੇਤੀ ਉਤਪਾਦਾਂ ਦੇ ਮੁੱਲ ਵਾਧੇ ਰਾਹੀਂ ਰੋਜ਼ਗਾਰ ਅਤੇ ਉੱਦਮਤਾ ਦੇ ਨਵੇਂ ਮੌਕੇ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ।ਪ੍ਰੋਗਰਾਮ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਿਖਲਾਈ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਅਤੇ ਵਿਹਾਰਕ ਵਿਧੀਆਂ ‘ਤੇ ਅਧਾਰਤ ਸਿਖਲਾਈ ਪੁਸਤਿਕਾ ਵੀ ਵੰਡੀ ਗਈ, ਤਾਂ ਜੋ ਉਹ ਸਿਖਲਾਈ ਵਿੱਚ ਸਿੱਖੇ ਹੁਨਰ ਅਤੇ ਤਕਨੀਕਾਂ ਨੂੰ ਭਵਿੱਖ ਵਿੱਚ ਆਪਣੇ ਕੰਮ ਵਿੱਚ ਅਪਣਾ ਸਕਣ। ਸਮਾਪਨ ਮੌਕੇ ਸਾਰੇ 25 ਭਾਗੀਦਾਰਾਂ ਨੂੰ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਖੇਤਰ ਦੇ ਮਹਿਲਾ ਅਤੇ ਪੁਰਸ਼ ਭਾਗੀਦਾਰਾਂ ਨੂੰ ਖੁਰਾਕ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੇ ਖੇਤਰ ਵਿੱਚ ਤਕਨੀਕੀ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਵੈ-ਰੋਜ਼ਗਾਰ, ਉੱਦਮਤਾ ਅਤੇ ਆਤਮ-ਨਿਰਭਰਤਾ ਵੱਲ ਪ੍ਰੇਰਿਤ ਕਰਨਾ ਰਿਹਾ।