ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਖ਼ੁਦ ਸਵੈ-ਗਣਨਾ ਕਰਕੇ ਲੋਕਾਂ ਨੂੰ ਮੁਹਿੰਮ ਨਾਲ ਜੁੜਨ ਲਈ ਕੀਤਾ ਪ੍ਰੇਰਿਤ

5

ਅਮਰਗੜ੍ਹ/ਮਾਲੇਰਕੋਟਲਾ 21 ਨਵੰਬਰ 2026 AJ DI Awaaj

Punjab Desk :     ਜਨਗਣਨਾ-2027 ਤਹਿਤ ਚੱਲ ਰਹੀ ਆਨਲਾਈਨ ਸਵੈ-ਗਣਨਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਪਣੇ ਪਰਿਵਾਰ ਦੀ ਸਵੈ-ਗਣਨਾ ਪ੍ਰਕਿਰਿਆ ਮੁਕੰਮਲ ਕਰਕੇ ਹਲਕਾ ਵਾਸੀਆਂ ਨੂੰ ਵੀ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ।

ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਜਨਗਣਨਾ ਮਹਿਜ਼ ਆਬਾਦੀ ਦੇ ਅੰਕੜੇ ਇਕੱਤਰ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਲੋਕਾਂ ਦੀਆਂ ਭਵਿੱਖੀ ਲੋੜਾਂ ਅਨੁਸਾਰ ਵਿਕਾਸ ਯੋਜਨਾਵਾਂ ਉਲੀਕਣ ਦਾ ਅਹਿਮ ਆਧਾਰ ਹੈ। ਸਿੱਖਿਆ, ਸਿਹਤ, ਰੁਜ਼ਗਾਰ, ਰਿਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਬਿਹਤਰ ਯੋਜਨਾਬੰਦੀ ਲਈ ਸਹੀ ਅਤੇ ਭਰੋਸੇਯੋਗ ਅੰਕੜੇ ਬੇਹੱਦ ਜ਼ਰੂਰੀ ਹਨ।

ਉਨ੍ਹਾਂ ਕਿਹਾ ਕਿ ਸਵੈ-ਗਣਨਾ ਦੀ ਡਿਜੀਟਲ ਸਹੂਲਤ ਰਾਹੀਂ ਨਾਗਰਿਕ ਬਿਨਾਂ ਕਿਸੇ ਵਿਚੋਲੇ ਦੇ ਆਪਣੇ ਘਰ ਬੈਠੇ ਹੀ ਪਰਿਵਾਰਕ ਜਾਣਕਾਰੀ ਦਰਜ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਨੂੰ ਵੀ ਸਵੈ-ਗਣਨਾ ਲਈ ਜਾਗਰੂਕ ਕਰਨ।

ਵਿਧਾਇਕ ਨੇ ਹਲਕਾ ਵਾਸੀਆਂ ਨੂੰ 30 ਨਵੰਬਰ 2026 ਤੱਕ ਅਧਿਕਾਰਤ ਪੋਰਟਲ https://se.census.gov.in/ ਰਾਹੀਂ ਸਵੈ-ਗਣਨਾ ਮੁਕੰਮਲ ਕਰਨ, ਡਿਜੀਟਲ ਨਕਸ਼ੇ ‘ਤੇ ਘਰ ਦੀ ਸਹੀ ਸਥਿਤੀ ਦਰਜ ਕਰਨ ਅਤੇ ਪ੍ਰਾਪਤ ਸਵੈ-ਗਣਨਾ ਪਛਾਣ ਸੰਖਿਆ (SE ID) ਸੰਭਾਲ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 1 ਦਸੰਬਰ ਤੋਂ ਘਰ-ਘਰ ਜਨਗਣਨਾ ਲਈ ਆਉਣ ਵਾਲੇ ਗਣਨਾਕਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਹ ਮਹੱਤਵਪੂਰਨ ਰਾਸ਼ਟਰੀ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।