ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ ਨੇ ਪਿੰਡ ਖਡਿਆਲ ਦੇ ਖੇਡ ਮੈਦਾਨ ਦਾ ਕੀਤਾ ਉਦਘਾਟਨ

2

ਦਿੜ੍ਹਬਾ, 13 ਨਵੰਬਰ 2026 AJ DI Awaaj

Punjab Desk :   ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ ਨੇ ਅੱਜ ਪਿੰਡ ਖਡਿਆਲ ਵਿਖੇ ਖੇਡ ਮੈਦਾਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸੰਗਰੂਰ ਦਿੱਲੀ ਕੌਮੀ ਮਾਰਗ ਤੋਂ ਪਿੰਡ ਰਾਮਪੁਰ ਗੁੱਜਰਾਂ ਤੋਂ ਖੇਤਲਾ ਤੇ ਪਿੰਡ ਖੇਤਲਾ ਦੀ ਫਿਰਨੀ ਅਤੇ ਮੁੜ ਕੌਮੀ ਮਾਰਗ ਤਕ 4 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨਿਰਮਾਣ ਕਾਰਜ ਵੀ ਸ਼ੁਰੂ ਕਰਵਾਇਆ।

ਖੇਡ ਮੈਦਾਨ ਦੀ ਸਹੂਲਤ ਨਾਲ ਖਡਿਆਲ ਦੇ ਬੱਚਿਆਂ ਨੂੰ ਸਕੂਲ ਤੋਂ ਬਾਅਦ ਪਿੰਡ ਵਿੱਚ ਹੀ ਖੇਡਣ ਦਾ ਮੌਕਾ ਮਿਲੇਗਾ। ਨੌਜਵਾਨ ਖਿਡਾਰੀ ਇੱਥੇ ਨਿਯਮਤ ਅਭਿਆਸ ਕਰ ਸਕਣਗੇ ਅਤੇ ਖੇਡ ਮੁਕਾਬਲਿਆਂ ਦੀ ਤਿਆਰੀ ਕਰ ਸਕਣਗੇ। ਇਸ ਮੈਦਾਨ ਵਿੱਚ ਪਿੰਡ ਪੱਧਰੀ ਖੇਡ ਮੁਕਾਬਲੇ ਵੀ ਕਰਵਾਏ ਜਾ ਸਕਣਗੇ, ਜਿਨ੍ਹਾਂ ਰਾਹੀਂ ਉੱਭਰਦੇ ਖਿਡਾਰੀਆਂ ਨੂੰ ਮੁਕਾਬਲਿਆਂ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਮਿਲੇਗਾ।

ਸੜਕ ਦਾ ਨਿਰਮਾਣ ਮੁਕੰਮਲ ਹੋਣ ਮਗਰੋਂ ਰਾਮਪੁਰ ਗੁੱਜਰਾਂ ਅਤੇ ਖੇਤਲਾ ਤੋਂ ਕੌਮੀ ਮਾਰਗ ਤੱਕ ਆਉਣਾ-ਜਾਣਾ ਸੁਖਾਲਾ ਹੋਵੇਗਾ ਤੇ ਲੋਕਾਂ ਦੀਆਂ ਆਵਾਜਾਈ ਸਬੰਧੀ ਦਿੱਕਤਾਂ ਦੂਰ ਹੋਣਗੀਆਂ। ਇਸ ਦਾ ਲਾਭ ਦੋਵਾਂ ਪਿੰਡਾਂ ਦੇ ਵਸਨੀਕਾਂ ਦੇ ਨਾਲ-ਨਾਲ ਇਸ ਸੜਕ ਦੀ ਵਰਤੋਂ ਕਰਨ ਵਾਲੇ ਹੋਰ ਰਾਹਗੀਰਾਂ ਨੂੰ ਵੀ ਮਿਲੇਗਾ। ਵਿਦਿਆਰਥੀਆਂ ਨੂੰ ਵਿੱਦਿਅਕ ਅਦਾਰਿਆਂ ਤੱਕ ਆਉਣ-ਜਾਣ ਵਿੱਚ ਸਹੂਲਤ ਹੋਵੇਗੀ ਅਤੇ ਕਿਸਾਨਾਂ ਲਈ ਖੇਤੀਬਾੜੀ ਦਾ ਸਾਮਾਨ ਲਿਆਉਣਾ ਤੇ ਆਪਣੀ ਉਪਜ ਮੰਡੀ ਤੱਕ ਲਿਜਾਣਾ ਸੁਖਾਲਾ ਹੋਵੇਗਾ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਸੂਬੇ ਦੇ ਵਿਕਾਸ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡੀ ਜਾ ਰਹੀ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।