ਫਰੀਦਕੋਟ : 26 ਅਕਤੂਬਰ 2026 AJ DI Awaaj
Punjab Desk : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜੀ 2026-27 ਦੌਰਾਨ ਨੈਸ਼ਨਲ ਫੂਡ ਸਕਿਊਰਟੀ ਐਂਡ ਨਿਊਟਰੀਸ਼ਨ ਮਿਸ਼ਨ ਸਕੀਮ ਅਧੀਨ ਕਣਕ ਦੀਆਂ ਵੱਖ-ਵੱਖ ਕਿਸਮਾਂ ਦਾ ਤਸਦੀਕਸ਼ੁਦਾ ਬੀਜ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2000/- ਰੁਪਏ ਪ੍ਰਤੀ ਕੁਇੰਟਲ ਸਹਾਇਤਾ ਨਾਲ ਕਣਕ ਦਾ ਤਸਦੀਕਸ਼ੁਦਾ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਹ ਬੀਜ ਕਿਸਾਨ ਵੀਰਾਂ ਨੂੰ ਖਰੀਦ ਸਮੇਂ ਹੀ ਸਹਾਇਤਾ ਰਾਸ਼ੀ ਘਟਾ ਕੇ ਦਿੱਤਾ ਜਾਵੇਗਾ ਅਤੇ ਇੱਕ ਕਿਸਾਨ ਵੱਧ ਤੋਂ ਵੱਧ ਇੱਕ ਹੈਕਟੇਅਰ ਲਈ ਹੀ ਸਬਸਿਡੀ ਵਾਲਾ ਬੀਜ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਵਾਲਾ ਬੀਜ ਪ੍ਰਾਪਤ ਕਰਨ ਲਈ ਕਿਸਾਨ ਦਾ ਆਧਾਰ ਨੰਬਰ ਪਹਿਲਾਂ ਕਿਸੇ ਵੀ ਸਾਲ ਕਣਕ ਦੀ ਐਮਐਸਪੀ ‘ਤੇ ਵਿਕਰੀ ਲਈ ਅਨਾਜ ਖਰੀਦ ਪੋਰਟਲ ‘ਤੇ ਰਜਿਸਟਰਡ ਹੋਣਾ ਲਾਜ਼ਮੀ ਹੈ।ਕਿਸਾਨ ਵੀਰਾਂ ਨੂੰ ਜਿਲ੍ਹਾ/ਬਲਾਕ ਦਾ ਟੀਚਾ ਪੂਰਾ ਹੋਣ ਤੱਕ ਇਹ ਬੀਜ ਸਬਸਿਡੀ ਉੱਪਰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਮੁਹੱਈਆ ਕਰਵਾਇਆ ਜਾਵੇਗਾ। ਕਿਸਾਨ ਵੀਰ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਵਿਖੇ ਜਾ ਕੇ ਆਪਣਾ ਆਧਾਰ ਕਾਰਡ ਅਤੇ ਆਧਾਰ ਨਾਲ ਅਟੈਚ ਮੋਬਾਈਲ ਨੰਬਰ ਦੇ ਓਟੀਪੀ ਰਾਹੀਂ ਬੀਜ ਲੈ ਸਕਦੇ ਹਨ।
ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਵਧੇਰੇ ਜਾਣਕਾਰੀ ਲਈ ਆਪਣੇ ਪਿੰਡਾਂ ਨਾਲ ਸਬੰਧਤ ਸਰਕਲ ਇੰਚਾਰਜ ਜਾਂ ਬਲਾਕ ਪੱਧਰੀ ਦਫਤਰਾਂ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਫਰੀਦਕੋਟ ਦੇ ਅਧਿਕਾਰੀਆਂ ਨਾਲ 98153-90876, 80549-46025 ਅਤੇ ਬਲਾਕ ਕੋਟਕਪੂਰਾ ਦੇ ਅਧਿਕਾਰੀਆਂ ਨਾਲ 84279-61600, 99157-96855 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।



















