ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਵਲੋਂ ਝਲੂਰ ਦੇ ਖੇਤਾਂ ਦਾ ਦੌਰਾ

2
ਬਰਨਾਲਾ, 24 ਅਕਤੂਬਰ 2026 AJ DI Awaaj
Punjab Desk :     ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਅਤੇ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਆਈ ਪੀ ਐਸ ਵਲੋਂ ਪਿੰਡ ਝਲੂਰ ਦੇ ਖੇਤਾਂ ਦਾ ਦੌਰਾ ਕੀਤਾ ਗਿਆ।
    ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਤਹਿਤ ਹੌਟਸਪੌਟ ਪਿੰਡਾਂ ਉੱਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ਵਿਚ ਪਿੰਡ ਝਲੂਰ ਵੀ ਸ਼ਾਮਲ ਹੈ।
  ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਓਹਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਗਈ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ/ਸਾੜਨ ’ਤੇ  ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਕਿਸਾਨਾਂ ਨੂੰ ਪਿੰਡਵਾਰ ਢੁਕਵੀਂ ਮਸ਼ੀਨਰੀ ਵੀ ਮੁਹਈਆ ਕਰਾਈ ਜਾ ਰਹੀ ਹੈ। ਇਸ ਦੇ ਬਾਵਜੂਦ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ।
 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਲੱਸਟਰ, ਸਹਾਇਕ ਕਲੱਸਟਰ ਅਤੇ ਨੋਡਲ ਅਫ਼ਸਰ ਨਿਯੁਕਤ ਕੀਤੇ ਹੋਏ ਹਨ ਜੋ ਫੀਲਡ ਵਿੱਚ ਰਹਿ ਕੇ ਅਜਿਹੇ ਮਾਮਲਿਆਂ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
 ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦਾ ਵਾਤਾਵਰਨ ਪੱਖੀ ਨਿਬੇੜੇ ਕਰਨ।
*ਢੁਕਵੀਂ ਮਸ਼ੀਨਰੀ ਪਿੰਡਾਂ ਵਿਚ ਉਪਲਭਧ: ਡਿਪਟੀ ਕਮਿਸ਼ਨਰ*
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਝੋਨੇ ਹੇਠਲਾ ਰਕਬਾ 1,14,462 ਹੈਕਟੇਅਰ ਹੈ ਜਿਸ ਵਿਚੋਂ 7.10 ਲੱਖ ਟਨ ਪਰਾਲੀ ਨਿਕਲਣ ਦਾ ਅੰਦਾਜ਼ਾ ਹੈ ਜਿਸ ਵਾਸਤੇ 5300 ਦੇ ਕਰੀਬ ਮਸ਼ੀਨਾਂ ਉਪਲਭਧ ਹਨ। ਇਸ ਵਾਰ 42.25 ਫੀਸਦੀ ਦੇ ਕਰੀਬ ਇਨ ਸਿਟੂ ਅਤੇ 57.75 ਫੀਸਦੀ ਐਕਸ ਸਿਟੂ ਪਰਾਲੀ ਪ੍ਰਬੰਧਨ ਦਾ ਪਲਾਨ ਉਲੀਕਿਆ ਗਿਆ ਹੈ। ਪਰਾਲੀ ਪ੍ਰੋਟੈਕਸ਼ਨ ਫੋਰਸ ਤਹਿਤ 52 ਓਵਰਆਲ ਇੰਚਾਰਜ, 14 ਕਲੱਸਟਰ ਅਫ਼ਸਰ, 26 ਸਹਾਇਕ ਕਲੱਸਟਰ ਅਫ਼ਸਰ ਤੇ 245 ਨੋਡਲ ਅਫ਼ਸਰ ਜ਼ਿਲ੍ਹੇ ਦੇ 130 ਪਿੰਡਾਂ ਵਿਚ ਤਾਇਨਾਤ ਕੀਤੇ ਗਏ ਹਨ। ਓਹਨਾਂ ਦੱਸਿਆ ਕਿ ਸਾਲ  2025 ਦੇ ਅੰਕੜਿਆਂ ਅਨੁਸਾਰ 5 ਤੋਂ ਵੱਧ ਮਾਮਲਿਆਂ ਵਾਲੇ 3 ਪਿੰਡਾਂ (ਝਲੂਰ,  ਕੋਟਦੁੰਨਾ, ਪੱਖੋਂ ਕਲਾਂ)  ‘ਤੇ ਨੇੜਿਓਂ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਤੋਂ ਪਿਛਲੇ ਸਾਲਾਂ ਦੇ ਹੌਟਸਪੌਟ ਪਿੰਡਾਂ ਉੱਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।
*ਪੈਲੇਟ ਯੂਨਿਟਾਂ ਤੋਂ ਇਲਾਵਾ ਪਰਾਲੀ ਡੰਪ ਸਥਾਪਿਤ*
ਜ਼ਿਲ੍ਹੇ ਵਿੱਚ 9 (ਇਸ ਤੋਂ 3 ਨੇੜਲੇ ਜ਼ਿਲ੍ਹਿਆਂ ਦੇ) ਪੈਲੇਟ ਯੂਨਿਟ ਚੱਲ ਰਹੇ ਹਨ ਜਿਨ੍ਹਾਂ ਵਾਸਤੇ ਪਰਾਲੀ ਦੀ ਮੈਪਿੰਗ ਕਿਸਾਨਾਂ ਨਾਲ ਕਰਾਈ ਗਈ ਹੈ। ਇਸ ਤੋਂ ਇਲਾਵਾ 16 ਪਰਾਲੀ ਡੰਪ ਸਥਾਪਿਤ ਕਰਨ ਤੋਂ ਇਲਾਵਾ 150 ਦੇ ਕਰੀਬ ਬੇਲਰ ਜ਼ਿਲ੍ਹੇ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਲੱਕੀ ਡਰਾਅ ਦੀ ਰਜਿਸਟ੍ਰੇਸ਼ਨ ਮਿਤੀ ਵਿਚ 30 ਅਕਤੂਬਰ ਤੱਕ ਦਾ ਵਾਧਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਅਪਲਾਈ ਕਰ ਸਕਣ ਜਿਸ ਤਹਿਤ 7 ਲੱਖ ਦੇ ਇਨਾਮ ਰੱਖੇ ਗਏ ਹਨ।