ਸੀਨੀਅਰ ਸਿਟੀਜਨਜ਼ ਕੌਂਸਲ ਰੂਪਨਗਰ ਨੇ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਦਿਵਸ ਮਨਾਇਆ

2
ਰੂਪਨਗਰ, 24 ਅਕਤੂਬਰ 2026 AJ DI Awaaj
Punjab Desk   : ਸੀਨੀਅਰ ਸਿਟੀਜਨਜ਼ ਕੌਂਸਲ (ਰਜਿ.) ਰੂਪਨਗਰ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਦਿਵਸ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿਖੇ ਬੜੇ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਕੌਂਸਲ ਦੇ ਵਿਛੜ ਚੁੱਕੇ ਵਿੱਤ ਸਕੱਤਰ ਸੁਰੇਸ਼ ਚੰਦਰ ਅਤੇ ਮੈਂਬਰ ਸ਼ਿਆਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਪ੍ਰਧਾਨ ਸ. ਸੁਰਿੰਦਰ ਸਿੰਘ ਤੋਗੜ ਨੇ ਮੁੱਖ ਮਹਿਮਾਨ ਐੱਸ.ਡੀ.ਐੱਮ. ਜਸਪ੍ਰੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨਾਂ ਤਹਿਸੀਲਦਾਰ ਰੂਪਨਗਰ ਸੁਰਿੰਦਰ ਪੰਨੂ, ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਅਮਨਦੀਪ ਸੈਣੀ ਦਾ ਬੁੱਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਵਾਗਤ ਕੀਤਾ।
ਮੁੱਖ ਮਹਿਮਾਨ ਐੱਸ.ਡੀ.ਐੱਮ. ਜਸਪ੍ਰੀਤ ਸਿੰਘ ਨੇ ਆਪਣੇ ਦਫ਼ਤਰੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਆਉਣ ਵਾਲੇ ਪਰਿਵਾਰਕ ਮਾਮਲਿਆਂ ਵਿੱਚੋਂ ਲਗਭਗ 30 ਫ਼ੀਸਦੀ ਮਾਮਲੇ ਬਜ਼ੁਰਗਾਂ ਨਾਲ ਸਬੰਧਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਮਸਲੇ ਪਰਿਵਾਰਕ ਮੈਂਬਰਾਂ ਵੱਲੋਂ ਮਿਲ-ਬੈਠ ਕੇ ਗੱਲਬਾਤ ਕਰਨ ਨਾਲ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਬੱਚਿਆਂ ਅਤੇ ਬਜ਼ੁਰਗਾਂ ਵਿਚਕਾਰ ਵਧ ਰਹੀ ਦੂਰੀ ਨੂੰ ਘਟਾਉਣ ਲਈ ਨੌਜਵਾਨਾਂ ਨੂੰ ਸਮਾਂ ਕੱਢ ਕੇ ਬਜ਼ੁਰਗਾਂ ਨਾਲ ਬੈਠਣ, ਉਨ੍ਹਾਂ ਦੀਆਂ ਗੱਲਾਂ ਸੁਣਨ ਅਤੇ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਮਾਗਮ ਦੇ ਸੁਚੱਜੇ ਪ੍ਰਬੰਧ ਲਈ ਕੌਂਸਲ ਅਤੇ ਪ੍ਰਧਾਨ ਨੂੰ ਵਧਾਈ ਦਿੱਤੀ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ ਨੇ ਸਿਹਤ ਮਾਰਗਦਰਸ਼ਕ ਅਨੁਰਾਗ ਰਿਸ਼ੀ ਅਤੇ ਨਿਊਰੋਲੋਜਿਸਟ ਤੇ ਕੌਗਨਿਟਿਵ ਸਾਇੰਸ ਬ੍ਰੇਨ ਕੋਚ ਡਾ. ਸਵੇਤਾ ਆਦਿਤਿਆ ਵੱਲੋਂ ਸਿਹਤ ਸਬੰਧੀ ਸਾਂਝੇ ਕੀਤੇ ਜਾਂਦੇ ਸੁਝਾਵਾਂ ਦਾ ਹਵਾਲਾ ਦਿੰਦਿਆਂ ਡੂੰਘੇ ਸਾਹ ਲੈਣ ਦੀ ਸਹੀ ਵਿਧੀ ਅਤੇ ਇਸ ਦੇ ਸਿਹਤ ਲਈ ਸੰਭਾਵੀ ਲਾਭਾਂ ਬਾਰੇ ਜਾਣਕਾਰੀ ਦਿੱਤੀ।
ਕੌਂਸਲ ਅਡੀਟਰ ਇੰਜ: ਦੀਦਾਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਕੌਂਸਲ ਦੇ ਸੰਵਿਧਾਨ ਵਿੱਚ ਦੂਜੀ ਵਿਸ਼ੇਸ਼ ਸੋਧ ਸਬੰਧੀ ਕਾਰਵਾਈ ਕੀਤੀ ਗਈ। ਸੰਵਿਧਾਨ ਸੋਧ ਕਮੇਟੀ ਵੱਲੋਂ 19 ਅਕਤੂਬਰ 2026 ਨੂੰ ਪੇਸ਼ ਕੀਤੀ ਰਿਪੋਰਟ ਨੂੰ ਕਾਰਜਕਾਰਨੀ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਕੌਂਸਲ ਦੀ ਮੈਂਬਰ ਸਕੱਤਰ ਸ੍ਰੀਮਤੀ ਪਰਮਿੰਦਰ ਕੌਰ ਪੰਦੋਹਲ ਨੇ ਪ੍ਰਸਤਾਵਿਤ ਸੋਧਾਂ ਨੂੰ ਵਿਸਥਾਰ ਨਾਲ ਪੜ੍ਹ ਕੇ ਸੁਣਾਇਆ। ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਹਾਜ਼ਰ ਮੈਂਬਰਾਂ ਤੋਂ ਸੁਝਾਅ ਮੰਗੇ। ਕੋਈ ਸੁਝਾਅ ਪ੍ਰਾਪਤ ਨਾ ਹੋਣ ਉਪਰੰਤ ਸੋਧਾਂ ਨੂੰ ਪ੍ਰਵਾਨ ਕਰਨ ਲਈ ਸਹਿਮਤੀ ਮੰਗੀ ਗਈ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।
ਇਸ ਮੌਕੇ ਪ੍ਰਧਾਨ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਦੇ ਨੁਮਾਇੰਦੇ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਬਜ਼ੁਰਗਾਂ ਦੀਆਂ ਵੱਖ-ਵੱਖ ਮੰਗਾਂ ਅਤੇ ਸੀਨੀਅਰ ਸਿਟੀਜਨਜ਼ ਭਵਨ ਨਾਲ ਸਬੰਧਤ ਮੰਗ ਪੱਤਰ ਸੌਂਪਿਆ ਗਿਆ। ਰਾਜੂ ਸਤਿਆਲ ਨੇ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪ੍ਰਵਾਨ ਕਰਵਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ।
ਮੁੱਖ ਮਹਿਮਾਨ ਵੱਲੋਂ ਕੌਂਸਲ ਦਾ 13ਵਾਂ ਸੋਵੀਨਾਰ ਰਿਲੀਜ਼ ਕੀਤਾ ਗਿਆ ਅਤੇ ਇਸ ਦੀਆਂ ਕਾਪੀਆਂ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਵਿੱਚ ਵੰਡੀਆਂ ਗਈਆਂ। ਕੌਂਸਲ ਦੀਆਂ ਗਤੀਵਿਧੀਆਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਤਿੰਨ ਅਹੁਦੇਦਾਰਾਂ ਹਰਬੰਸ ਸਿੰਘ, ਅਵਤਾਰ ਸਿੰਘ ਲੌਂਗੀਆ ਅਤੇ ਗੁਰਬਚਨ ਸਿੰਘ ਬੇਲੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੰਵਿਧਾਨ ਦੀਆਂ ਸੋਧਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਸੀਨੀਅਰ ਮੈਂਬਰ ਬੀ.ਐੱਸ. ਸੈਣੀ ਦਾ ਵੀ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਵਡੇਰੀ ਉਮਰ ਦੇ ਵਰਿਆਮ ਸਿੰਘ, ਹਰਭਜਨ ਸਿੰਘ, ਊਸ਼ਾ ਟੰਡਨ, ਰਜਿੰਦਰ ਕੌਰ ਵਾਲੀਆ, ਸੰਗਤ ਸਿੰਘ ਲੌਂਗੀਆ ਅਤੇ ਸੁਖਦੇਵ ਸਿੰਘ ਮੀਆਂਪੁਰ ਸਮੇਤ ਅਧਿਆਪਕ ਜਵਤਿੰਦਰ ਕੌਰ ਅਤੇ ਕੁਲਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਖੇਡਾਂ ਦੇ ਖੇਤਰ ਵਿੱਚ ਯੋਗਦਾਨ ਲਈ ਮੋਹਨ ਸਿੰਘ ਚਾਹਲ, ਸ੍ਰੀਮਤੀ ਭਰਪੂਰ ਕੌਰ ਅਤੇ ਰਾਜ ਕੁਮਾਰ ਸਿੱਕਾ ਤੋਂ ਇਲਾਵਾ ਸੀਨੀਅਰ ਸਿਟੀਜਨਜ਼ ਭਵਨ ਨਾਲ ਸਬੰਧਤ ਠੇਕੇਦਾਰ ਮਨਪ੍ਰੀਤ ਸਿੰਘ, ਸ਼ਬਦ ਗਾਇਨ ਕਰਨ ਵਾਲੀਆਂ ਵਿਦਿਆਰਥਣਾਂ, ਗਰਲ ਗਾਈਡ ਕੰਪਨੀ , ਵਾਤਾਵਰਨ ਸਬੰਧੀ ਨਾਟਕ ਪੇਸ਼ ਕਰਨ ਵਾਲੀ ਟੀਮ ਅਤੇ ਹੱਥੀਂ ਬਣੇ ਉਤਪਾਦਾਂ ਦੇ ਵਿਕਰੇਤਾਵਾਂ ਨੂੰ ਲੋਈਆਂ, ਸ਼ਾਲਾਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਬੀਰ ਸਿੰਘ ਚੀਮਾ ਅਤੇ ਜਨਰਲ ਸਕੱਤਰ ਪਰਮਿੰਦਰ ਕੌਰ ਪੰਦੋਹਲ ਨੂੰ ਕੌਂਸਲ ਦੇ ਮੈਂਬਰਾਂ ਅਤੇ ਚੇਅਰਮੈਨ ਡਾ. ਆਰ. ਐੱਸ. ਪਰਮਾਰ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਬੱਚਿਆਂ, ਇਸਰੋ ਮੋਹਾਲੀ ਤੋਂ ਪਹੁੰਚੇ ਹਰਜਿੰਦਰ ਭਾਰਜ, ਵਾਤਾਵਰਨ ਸਬੰਧੀ ਨਾਟਕ ‘ਚਾਨਣ ਦੇ ਵਣਜਾਰੇ’ ਪੇਸ਼ ਕਰਨ ਵਾਲੀ ਨਾਟਕ ਮੰਡਲੀ, ਸੰਗੀਤ ਅਧਿਆਪਕਾ ਗੁਰਪ੍ਰੀਤ ਕੌਰ ਅਤੇ ਸੁਰਿੰਦਰ ਸਿੰਘ ਨੰਗਲ, ਸ਼ਿਵ ਕੁਮਾਰ, ਕੇਹਰ ਸਿੰਘ ਤੇ ਸੁਖਵੀਰ ਸਿੰਘ ਨੇ ਆਪਣੀਆਂ ਕਲਾਤਮਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਬਜ਼ੁਰਗਾਂ ਦਾ ਮਨੋਰੰਜਨ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ।
ਕੌਂਸਲ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਡਾ. ਆਰ. ਐੱਸ. ਪਰਮਾਰ ਨੇ ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦੇ ਤਜਰਬਿਆਂ ਤੋਂ ਸਿੱਖਣ, ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਸਮਾਂ ਕੱਢਣ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਕੌਂਸਲ ਦੇ ਸਲਾਹਕਾਰ ਅਤੇ ਸੀਨੀਅਰ ਕਾਂਗਰਸ ਆਗੂ ਰਮੇਸ਼ ਗੋਇਲ, ਇੰਜੀਨੀਅਰ ਕਰਨੈਲ ਸਿੰਘ, ਇੰਜੀਨੀਅਰ ਹਰਜੀਤ ਸਿੰਘ ਸੈਣੀ, ਅਮਰਜੀਤ ਸਿੰਘ ਬਜਰੂੜ, ਜਗਨੰਦਨ ਸਿੰਘ ਰੀਹਲ, ਕਾਰਜਕਾਰਨੀ ਮੈਂਬਰ ਹਜ਼ੂਰਾ ਸਿੰਘ ਗੁਰਨਾਮ ਸਿੰਘ ਧਾਮੀ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਅਤੇ ਮਾਲੀ ਸਹਾਇਤਾ ਦੇਣ ਵਾਲੀਆਂ ਸ਼ਖਸ਼ੀਅਤਾਂ ਸਮੇਤ ਹੋਰ ਮੈਂਬਰਾਂ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਯੋਗਦਾਨ ਪਾਇਆ। ਕੌਂਸਲ ਦੇ ਪ੍ਰਧਾਨ ਨੇ ਸਾਰੇ ਸਹਿਯੋਗੀਆਂ ਦੀ ਪ੍ਰਸ਼ੰਸਾ ਕਰਦਿਆਂ ਧੰਨਵਾਦ ਕੀਤਾ। ਕੌਂਸਲ ਪ੍ਰਧਾਨ ਨੇ ਦੱਸਿਆ ਕਿ ਪਹਿਲੀ ਤਰੀਖ ਨੂੰ ਮਹੀਨਾਵਾਰ ਹੋਣ ਵਾਲੀ ਮੀਟਿੰਗ ਇਸ ਮਹੀਨੇ ਨਹੀਂ ਹੋਵੇਗੀ I
ਸਮਾਗਮ ਦਾ ਮੰਚ ਸੰਚਾਲਨ ਕੌਂਸਲ ਦੀ ਜਨਰਲ ਸਕੱਤਰ ਸ੍ਰੀਮਤੀ ਪਰਮਿੰਦਰ ਕੌਰ ਪੰਦੋਹਲ ਨੇ ਬਾਖ਼ੂਬੀ ਨਿਭਾਇਆ। ਅੰਤ ਵਿੱਚ ਕੌਂਸਲ ਦੇ ਚੇਅਰਮੈਨ ਡਾਕਟਰ ਆਰ ਐਸ ਪਰਮਾਰ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ, ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਲੰਗਰ ਛਕ ਕੇ ਜਾਣ ਦੀ ਬੇਨਤੀ ਕੀਤੀ।