ਫ਼ਰੀਦਕੋਟ, 9 ਅਕਤੂਬਰ 2026 AJ DI Awaaj
Punjab Desk : ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ ਵਿਖੇ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਬੇਕਰੀ ਅਤੇ ਕਨਫੈਕਸ਼ਨਰੀ ਸਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਪਿੰਡ ਬਹਿਬਲ ਖੁਰਦ, ਪਿੱਪਲੀ, ਔਲਖ, ਸਰਾਵਾਂ, ਕੋਟਕਪੂਰਾ ਅਤੇ ਫ਼ਰੀਦਕੋਟ ਤੋਂ 35 ਲੜਕੀਆਂ ਅਤੇ ਔਰਤਾਂ ਨੇ ਭਾਗ ਲਿਆ।
ਇਸ ਮੌਕੇ ਡਾ. ਰਾਕੇਸ਼ ਕੁਮਾਰ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਨੇ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਔਰਤਾਂ ਦਾ ਆਰਥਿਕ ਤੌਰ ’ਤੇ ਸਵੈ-ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਔਰਤਾਂ ਨੂੰ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਿਖਿਆਰਥਣਾਂ ਨੂੰ ਇਸ ਕਿੱਤੇ ਨਾਲ ਸਬੰਧਤ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਦੌਰਾਨ ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਬੇਕਰੀ ਦੇ ਕਿੱਤੇ ਦੀ ਵਧ ਰਹੀ ਮੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਬੇਕਰੀ ਅਧੀਨ ਤਿਆਰ ਕੀਤੇ ਜਾਣ ਵਾਲੇ ਵੱਖ-ਵੱਖ ਉਤਪਾਦਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰ ਵਿੱਚ ਮਿਲਣ ਵਾਲੀਆਂ ਮਿਲਾਵਟੀ ਮਿਠਾਈਆਂ ਤੋਂ ਬਚਣ ਲਈ ਜਾਗਰੂਕ ਕੀਤਾ। ਉਨ੍ਹਾਂ ਔਰਤਾਂ ਨੂੰ ਘਰ ਵਿੱਚ ਹੀ ਸਾਫ਼-ਸੁਥਰੇ ਅਤੇ ਗੁਣਵੱਤਾ ਭਰਪੂਰ ਬੇਕਰੀ ਉਤਪਾਦ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਬੇਕਰੀ ਦਾ ਕਿੱਤਾ ਘਰ ਬੈਠਿਆਂ ਹੀ ਘੱਟ ਲਾਗਤ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਰਾਹੀਂ ਔਰਤਾਂ ਆਪਣੇ ਪਰਿਵਾਰ ਦੀ ਆਮਦਨ ਵਧਾਉਣ ਦੇ ਨਾਲ-ਨਾਲ ਸਵੈ-ਰੁਜ਼ਗਾਰ ਦਾ ਇੱਕ ਵਧੀਆ ਸਾਧਨ ਵੀ ਵਿਕਸਤ ਕਰ ਸਕਦੀਆਂ ਹਨ।
ਸਿਖਲਾਈ ਕੋਰਸ ਦੌਰਾਨ ਡਾ. ਕਰਮਜੀਤ ਕੌਰ ਅਤੇ ਮੈਡਮ ਨਵਦੀਪ ਕੌਰ ਵੱਲੋਂ ਕੇਕ, ਕੁਕੀਜ਼, ਬਿਸਕੁਟ, ਪੀਜ਼ਾ, ਗਾਰਲਿਕ ਬ੍ਰੈੱਡ ਅਤੇ ਚਾਕਲੇਟ ਆਦਿ ਵੱਖ-ਵੱਖ ਬੇਕਰੀ ਉਤਪਾਦ ਤਿਆਰ ਕਰਨ ਸਬੰਧੀ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ‘ਹੱਥੀਂ ਕੰਮ ਕਰਕੇ ਸਿੱਖਣ’ ਦੇ ਸਿਧਾਂਤ ਅਨੁਸਾਰ ਸਿਖਿਆਰਥਣਾਂ ਨੂੰ ਸਿਖਲਾਈ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਕੀਤਾ ਗਿਆ।
ਸਿਖਿਆਰਥਣਾਂ ਨੇ ਇਸ ਸਿਖਲਾਈ ਕੋਰਸ ਵਿੱਚ ਬਹੁਤ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ। ਉਨ੍ਹਾਂ ਨੇ ਸਿਖਲਾਈ ਦੌਰਾਨ ਪ੍ਰਾਪਤ ਕੀਤੇ ਗਿਆਨ ਨੂੰ ਘਰੇਲੂ ਪੱਧਰ ’ਤੇ ਅਪਣਾ ਕੇ ਬੇਕਰੀ ਦੇ ਕਿੱਤੇ ਨੂੰ ਸਵੈ-ਰੁਜ਼ਗਾਰ ਵਜੋਂ ਸ਼ੁਰੂ ਕਰਨ ਦਾ ਭਰੋਸਾ ਪ੍ਰਗਟਾਇਆ। ਇਹ ਸਿਖਲਾਈ ਕੋਰਸ ਔਰਤਾਂ ਨੂੰ ਹੁਨਰਮੰਦ ਬਣਾਉਣ, ਉਨ੍ਹਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਵੱਲ ਇੱਕ ਸਾਰਥਕ ਉਪਰਾਲਾ ਸਾਬਤ ਹੋਇਆ।

















