ਮਾਲੇਰਕੋਟਲਾ ’ਚ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ

2

ਮਾਲੇਰਕੋਟਲਾ 03 ਅਕਤੂਬਰ 2026 AJ DI Awaaj

Punjab Desk :     ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਨਾਲ ਸਬੰਧਤ ਖਿਡਾਰੀਆਂ ਲਈ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 23 ਨਵੰਬਰ 2026 ਤੱਕ ਕਰਵਾਏ ਜਾਣਗੇ। ਇਹ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਅਤੇ ਖੇਡ ਕੈਟਾਗਰੀਆਂ ਵਿੱਚ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਮਾਲੇਰਕੋਟਲਾ ਕੁਲਦੀਪ ਸਿੰਘ ਚੁਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਪੱਧਰੀ ਖੇਡਾਂ ਵਿੱਚ ਕੁੱਲ 29 ਖੇਡਾਂ ਦੇ ਮੁਕਾਬਲੇ ਹੋਣਗੇ। ਜਿਨ੍ਹਾਂ ਖੇਡਾਂ ਦੇ ਮੁਕਾਬਲੇ ਜ਼ਿਲ੍ਹਾ ਪੱਧਰ ’ਤੇ ਨਹੀਂ ਕਰਵਾਏ ਗਏ, ਉਨ੍ਹਾਂ ਖੇਡਾਂ ਲਈ ਜ਼ਿਲ੍ਹਾ ਟੀਮਾਂ ਦੀ ਚੋਣ ਵਾਸਤੇ 5 ਅਕਤੂਬਰ 2026 ਨੂੰ ਟਰਾਇਲ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਟਰਾਇਲਾਂ ਵਿੱਚ ਐਥਲੈਟਿਕਸ, ਬਾਸਕਟਬਾਲ, ਪਾਵਰਲਿਫਟਿੰਗ, ਬੈਡਮਿੰਟਨ ਸਮੇਤ ਹੋਰ ਖੇਡਾਂ ਦੇ ਖਿਡਾਰੀ ਭਾਗ ਲੈ ਸਕਣਗੇ। ਚੋਣ ਟਰਾਇਲਾਂ ਵਿੱਚ ਯੋਗ ਪਾਏ ਜਾਣ ਵਾਲੇ ਖਿਡਾਰੀ ਜ਼ਿਲ੍ਹਾ ਮਾਲੇਰਕੋਟਲਾ ਦੀ ਨੁਮਾਇੰਦਗੀ ਕਰਦਿਆਂ ਰਾਜ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 6 ਅਕਤੂਬਰ 2026 ਨੂੰ ਵੀ ਕੁਝ ਉਹਨਾਂ ਖੇਡਾਂ ਲਈ ਟਰਾਇਲ ਕਰਵਾਏ ਜਾਣਗੇ, ਜਿਨ੍ਹਾਂ ਦੇ ਮੁਕਾਬਲੇ ਜ਼ਿਲ੍ਹਾ ਪੱਧਰ ’ਤੇ ਨਹੀਂ ਹੋ ਸਕੇ। ਇਨ੍ਹਾਂ ਵਿੱਚ ਬੇਸਬਾਲ, ਸਾਈਕਲਿੰਗ, ਰੋਇੰਗ, ਕੈਨੋਇੰਗ, ਘੋੜਸਵਾਰੀ, ਕਰਾਟੇ, ਰਗਬੀ, ਤਾਈਕਵਾਂਡੋ ਅਤੇ ਜਿਮਨਾਸਟਿਕਸ ਆਦਿ ਖੇਡਾਂ ਸ਼ਾਮਲ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਿਤੀ ਅਤੇ ਸਮੇਂ ਅਨੁਸਾਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਟਰਾਇਲ ਸਥਾਨ ’ਤੇ ਪਹੁੰਚਣ। ਵਧੇਰੇ ਜਾਣਕਾਰੀ ਲਈ ਮੁਹੰਮਦ ਹਬੀਬ, ਬਾਕਸਿੰਗ ਕੋਚ (ਮੋਬਾਇਲ: 97792-00152) ਨਾਲ ਸੰਪਰਕ ਕੀਤਾ ਜਾ ਸਕਦਾ ਹੈ।