ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਲੋਹੀਆਂ–ਜਕੋਪੁਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ

4
ਹੜ੍ਹਾਂ ਨਾਲ ਨੁਕਸਾਨੀ ਸੜਕ ’ਤੇ ਮਿੱਟੀ ਤੇ ਗਟਕਾ ਪਾ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਰਾਹਤ 
October 01,2026 Aj Di Awaaj
Punjab Desk: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ‘ਆਪ’ ਆਗੂ ਪਾਲਾ ਜਲਾਲਪੁਰ ਨੇ ਸਾਂਝੇ ਤੌਰ ‘ਤੇ ਲੋਹੀਆਂ ਤੋਂ ਜਕੋਪੁਰ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਇਹ ਸੜਕ ਹੜ੍ਹਾਂ ਦੌਰਾਨ ਨੁਕਸਾਨੀ ਗਈ ਸੀ, ਜਿਸ ਕਾਰਨ ਲੋਕਾਂ ਨੂੰ ਇੱਥੋਂ ਲੰਘਣਾ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ।
ਅੱਜ ਦੁਪਿਹਰ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਇੰਚਾਰਜ ਪਾਲਾ ਜਲਾਲਪੁਰ ਦੀ ਅਗਵਾਈ ਹੇਠ ਮਿੱਟੀ ਦੀਆਂ ਟਰਾਲੀਆਂ, ਕਰਾਹੇ ਅਤੇ ਜੇ.ਸੀ.ਬੀ. ਨਾਲ ਕੰਮ ਦੀ ਸ਼ੁਰੂਆਤ ਕੀਤੀ ਗਈ। ਕੰਗ ਖੁਰਦ ਵਿੱਚ ਹੋਏ ਇਕੱਠ ਦੌਰਾਨ ਆਲੇ-ਦੁਆਲੇ ਦੇ ਲਗਭਗ 20 ਪਿੰਡਾਂ ਤੋਂ ਪੰਚ-ਸਰਪੰਚ ਤੇ ਹੋਰ ਮੋਹਤਬਰ ਲੋਕ ਪਹੁੰਚੇ ਹੋਏ ਸਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਜਿੱਥੋਂ ਸੜਕ ਜ਼ਿਆਦਾ ਖਰਾਬ ਹੈ ਉੱਥੇ ਗਟਕਾ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕੰਮ ਆਉਂਦੇ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਰਸਤੇ ਨੂੰ ਆਵਾਜਾਈ ਯੋਗ ਬਣਾਉਣਾ ਹੈ, ਤਾਂ ਜੋ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਢੋਆ-ਢੁਆਈ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਸੜਕ ਦੇ ਆਵਾਜਾਈ ਯੋਗ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਢੋਆ-ਢੁਆਈ ਵਿੱਚ ਸਹੂਲਤ ਮਿਲੇਗੀ।
ਇਸ ਮੌਕੇ ਹਲਕਾ ਇੰਚਾਰਜ ਪਾਲਾ ਜਲਾਲਪੁਰ ਵੀ ਮੌਕੇ ’ਤੇ ਮੌਜੂਦ ਰਹੇ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸੇ ਦੌਰਾਨ ਧੁੱਸੀ ਬੰਨ੍ਹ ‘ਤੇ ਬਨਣ ਵਾਲੀ ਸੜਕ ਦਾ ਜ਼ਾਇਜ਼ਾ ਲੈਂਦਿਆਂ ਮੰਡਾਲਾ ਛੰਨਾ ਵਿੱਚ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਬਾਕਸ ਆਈਟਮ :  ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਇਲਾਕਾ ਅਜਿਹਾ ਹੈ, ਜਿੱਥੇ ਥੋੜ੍ਹੇ ਸਮੇਂ ਬਾਅਦ ਹੜ੍ਹਾਂ ਦੀ ਮਾਰ ਪੈਂਦੀ ਰਹਿੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹੜ੍ਹ ਆਉਣ ਤੇ ਹੀ ਪ੍ਰਬੰਧ ਕਰਨ ਦੀ ਬਜਾਏ ਇਸਦੀ ਪਹਿਲਾਂ ਹੀ ਤਿਆਰੀ ਰੱਖਣ ਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ‘ਤੇ ਲਗਾਤਾਰ ਪਹਿਰੇਦਾਰੀ ਦੀ ਲੋੜ ‘ਤੇ ਜ਼ੋਰ ਦਿੱਤਾ। ਸੰਤ ਸੀਚੇਵਾਲ ਨੇ ਕਿਹਾ ਕਿ ਮੰਡਾਲਾ ਛੰਨਾ ਦੇ ਸੰਵੇਦਨਸ਼ੀਲ ਬੰਨ੍ਹ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ 18 ਕਰੋੜ ਦੀ ਲਾਗਤ ਨਾਲ ਪੱਥਰ ਲਗਾਏ ਗਏ ਹਨ।