ਬਰਨਾਲਾ, 29 ਸਤੰਬਰ 2026 AJ DI Awaaj
Punjab Desk : ਭਾਰਤ ਚੋਣ ਕਮਿਸ਼ਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.)-2026 ਦੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਲਈ ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ. ਨੇ ਜ਼ਿਲ੍ਹਾ ਬਰਨਾਲਾ ਦੀ ਆਪਣੀ ਦੂਜੀ ਫੇਰੀ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨਾਲ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਹਿਮ ਮੀਟਿੰਗ ਕੀਤੀ। ਇਸ ਤੋਂ ਇਲਾਵਾ ਖਾਰਜ ਕੀਤੇ ਗਏ ਫਾਰਮਾਂ ਦੀ ਜ਼ਮੀਨੀ ਪੱਧਰ ’ਤੇ ਸੁਪਰ ਚੈਕਿੰਗ ਕੀਤੀ।
ਚੋਣ ਅਮਲੇ ਦੇ ਕੰਮਕਾਜ ਦੀ ਸਮੀਖਿਆ ਉਪਰੰਤ ਰੋਲ ਆਬਜ਼ਰਵਰ ਨੇ ਬਾਅਦ ਦੁਪਿਹਰ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਵੱਖ-ਵੱਖ ਘਰਾਂ ਵਿੱਚ ਪਹੁੰਚ ਕੇ ਨਵੀਂ ਵੋਟ ਲਈ ਅਪਲਾਈ ਕਰਨ ਵਾਲਿਆਂ, ਵੋਟ ਸ਼ਿਫਟ ਕਰਾਉਣ ਸਮੇਤ ਹੋਰ ਫਾਰਮ ਜੋ ਕਿ ਦਸਤਾਵੇਜ਼ਾਂ ਦੀ ਘਾਟ ਕਰਕੇ ਖਾਰਜ ਕੀਤੇ ਗਏ ਸਨ, ਦੀ ਸੁਪਰ ਚੈਕਿੰਗ ਕੀਤੀ ਅਤੇ ਨਾਗਰਿਕਾਂ ਨੂੰ ਸਹੀ ਦਸਤਾਵੇਜ਼ਾਂ ਬਾਰੇ ਮੌਕੇ ਉੱਤੇ ਜਾਣਕਾਰੀ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਬਿਨੈਕਾਰਾਂ/ਵੋਟਰਾਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਨਾਲ ਫੀਲਡ ਪੱਧਰ ਦੇ ਤੱਥਾਂ ਦੀ ਵੀ ਤਸਦੀਕ ਕੀਤੀ ਗਈ ਹੈ। ਓਹਨਾਂ ਕਿਹਾ ਕਿ ਐਸ.ਆਈ.ਆਰ. ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਕਾਇਮ ਰੱਖਦਿਆਂ ਹਰ ਯੋਗ ਨਾਗਰਿਕ ਦੀ ਵੋਟਰ ਸੂਚੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣਾ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਈ.ਆਰ.ਓਜ਼ ਨੂੰ ਹਦਾਇਤ ਕੀਤੀ ਕਿ ਪੋਰਟਲ ’ਤੇ ਪ੍ਰਾਪਤ ਨਵੀਂ ਵੋਟ ਬਣਾਉਣ ਜਾਂ ਨਾਮ ਹਟਾਉਣ ਨਾਲ ਸਬੰਧਤ ਫਾਰਮਾਂ ਦੀ ਪੜਤਾਲ ਕੇਵਲ ਦਫ਼ਤਰੀ ਰਿਕਾਰਡ ਤੱਕ ਸੀਮਤ ਨਾ ਰੱਖੀ ਜਾਵੇ, ਸਗੋਂ ਲੋੜ ਅਨੁਸਾਰ ਖ਼ੁਦ ਫੀਲਡ ਵਿੱਚ ਪਹੁੰਚ ਕੇ ਤੱਥਾਂ ਦੀ ਪੁਸ਼ਟੀ ਵੀ ਕੀਤੀ ਜਾਵੇ।
ਉਹਨਾਂ ਸਪਸ਼ਟ ਕੀਤਾ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਤੋਂ ਵਾਂਝਾ ਨਾ ਰਹੇ ਅਤੇ ਕਿਸੇ ਅਯੋਗ ਵਿਅਕਤੀ ਦਾ ਨਾਮ ਸੂਚੀ ਵਿੱਚ ਦਰਜ ਨਾ ਹੋਵੇ। ਉਨ੍ਹਾਂ ਯੋਗ ਨੌਜਵਾਨਾਂ ਦੀ ਨਵੇਂ ਵੋਟਰਾਂ ਵਜੋਂ ਰਜਿਸਟ੍ਰੇਸ਼ਨ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ ਦਾਅਵਿਆਂ ਅਤੇ ਇਤਰਾਜ਼ਾਂ ਦੀ ਸੁਪਰ ਚੈਕਿੰਗ ਨੂੰ ਹੋਰ ਪੁਖਤਾ ਬਣਾਉਣ ਲਈ ਅਧਿਕਾਰੀਆਂ ਨੂੰ ਖ਼ੁਦ ਫੀਲਡ ਪੱਧਰ ’ਤੇ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਕੈਪਸ਼ਨ: ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਫੀਲਡ ਵਿਚ ਜਾ ਕੇ ਫਾਰਮਾਂ ਦੀ ਤਸਦੀਕ ਕਰਦੇ ਹੋਏ ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ।



















