5 ਵਾਰ ਵਿਧਾਇਕ ਤੇ 2 ਵਾਰ ਮੰਤਰੀ ਮੇਜਰ ਮਨਕੋਟੀਆ ਦਾ ਦਿ*ਹਾਂਤ

28

ਕਾਂਗੜਾ: 29 Sep 2026 AJ DI Awaaj

National Desk :   ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਪੰਜ ਵਾਰ ਵਿਧਾਇਕ ਰਹੇ ਮੇਜਰ ਵਿਜੇ ਸਿੰਘ ਮਨਕੋਟੀਆ ਦਾ ਮੰਗਲਵਾਰ ਸਵੇਰੇ ਦਿ*ਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਉਨ੍ਹਾਂ ਨੇ ਕਾਂਗੜਾ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਤਿਆਰਾ ਵਿੱਚ ਆਖਰੀ ਸਾਹ ਲਿਆ।

ਜਾਣਕਾਰੀ ਮੁਤਾਬਕ ਸਵੇਰੇ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌ*ਤ ਹੋ ਗਈ।

ਫੌਜ ਤੋਂ ਸ਼ੁਰੂ ਹੋਇਆ ਸਫ਼ਰ, ਸਿਆਸਤ ਵਿੱਚ ਬਣਾਈ ਪਛਾਣ

ਮੇਜਰ ਮਨਕੋਟੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫੌਜ ਤੋਂ ਕੀਤੀ ਸੀ। 1959 ਵਿੱਚ ਉਨ੍ਹਾਂ ਨੇ UPSC ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਅਤੇ 1960 ਵਿੱਚ ਇੰਡੀਅਨ ਮਿਲਟਰੀ ਅਕੈਡਮੀ (IMA), ਦੇਹਰਾਦੂਨ ਵਿੱਚ ਦਾਖਲਾ ਲਿਆ।

1962 ਵਿੱਚ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਵੋਰਡ ਆਫ਼ ਆਨਰ ਅਤੇ ਗੋਲਡ ਮੈਡਲ ਮਿਲਿਆ। ਉਨ੍ਹਾਂ ਨੇ 1962 ਦੇ ਭਾਰਤ-ਚੀਨ ਯੁੱਧ, 1965 ਦੇ ਭਾਰਤ-ਪਾਕਿਸਤਾਨ ਯੁੱਧ ਅਤੇ 1971 ਦੇ ਯੁੱਧ ਵਿੱਚ ਵੀ ਸੇਵਾ ਨਿਭਾਈ। 1976 ਵਿੱਚ ਉਹ ਫੌਜ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋਏ ਅਤੇ ਬਾਅਦ ਵਿੱਚ ਏਅਰ ਇੰਡੀਆ ਵਿੱਚ ਵੀ ਕੰਮ ਕੀਤਾ।

1982 ਵਿੱਚ ਰਾਜਨੀਤੀ ਵਿੱਚ ਐਂਟਰੀ

ਮੇਜਰ ਮਨਕੋਟੀਆ ਨੇ 1982 ਵਿੱਚ ਸ਼ਾਹਪੁਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਰਾਜਨੀਤੀ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਹ ਪੰਜ ਵਾਰ ਵਿਧਾਇਕ ਰਹੇ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਦੋ ਵਾਰ ਕੈਬਨਿਟ ਮੰਤਰੀ ਬਣੇ। ਉਨ੍ਹਾਂ ਕੋਲ ਸੈਰ-ਸਪਾਟਾ, ਨਾਗਰਿਕ ਹਵਾਬਾਜ਼ੀ ਅਤੇ ਕਾਨੂੰਨ ਵਰਗੇ ਵਿਭਾਗਾਂ ਦੀ ਜ਼ਿੰਮੇਵਾਰੀ ਰਹੀ।

ਉਹ ਕਾਂਗਰਸ ਦੇ ਆਗੂ ਰਹੇ ਅਤੇ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਉਹ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਸਿਆਸੀ ਵਿਰੋਧੀ ਵਜੋਂ ਵੀ ਚਰਚਾ ਵਿੱਚ ਰਹੇ।

ਸੀਡੀ ਮਾਮਲੇ ਕਾਰਨ ਵੀ ਰਹੇ ਸੁਰਖੀਆਂ ਵਿੱਚ

2007 ਵਿੱਚ ਮੇਜਰ ਮਨਕੋਟੀਆ ਵੱਲੋਂ ਜਾਰੀ ਕੀਤੀ ਗਈ ਇੱਕ ਸੀਡੀ ਨੂੰ ਲੈ ਕੇ ਹਿਮਾਚਲ ਦੀ ਸਿਆਸਤ ਵਿੱਚ ਕਾਫ਼ੀ ਚਰਚਾ ਹੋਈ ਸੀ। ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਵੀਰਭੱਦਰ ਸਿੰਘ ਬਰੀ ਹੋ ਗਏ ਸਨ।

ਰਾਜਨੀਤੀ ਤੋਂ ਇਲਾਵਾ ਮਨਕੋਟੀਆ ਨੇ ਲੇਖਣ ਦੇ ਖੇਤਰ ਵਿੱਚ ਵੀ ਯੋਗਦਾਨ ਦਿੱਤਾ। ਉਨ੍ਹਾਂ ਨੇ ‘The Patterns of Destiny’, ‘Turmoil’ ਅਤੇ ‘Upheaval’ ਸਮੇਤ ਤਿੰਨ ਕਿਤਾਬਾਂ ਲਿਖੀਆਂ।

ਮੇਜਰ ਮਨਕੋਟੀਆ ਆਪਣੇ ਪਿੱਛੇ ਪਤਨੀ ਜੈਸ਼੍ਰੀ ਕੁਮਾਰੀ, ਪੁੱਤਰ ਸੂਰਿਆਵੀਰ ਸਿੰਘ ਅਤੇ ਧੀ ਸੰਯੁਕਤਾ ਕੁਮਾਰੀ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦਿਹਾਂਤ ਨਾਲ ਹਿਮਾਚਲ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ।