ਰੂਪਨਗਰ, 28 ਸਤੰਬਰ 2026 AJ DI Awaaj
Punjab Desk : ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਨਾਲਸਾ) ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਮਨਜੋਤ ਕੌਰ ਦੀ ਅਗਵਾਈ ਹੇਠ “ਮੀਡੀਏਸ਼ਨ ਫਾਰ ਦ ਨੇਸ਼ਨ 3.0” ਮੁਹਿੰਮ ਚਲਾਈ ਜਾ ਰਹੀ ਹੈ।
ਇਹ ਮੁਹਿੰਮ 01 ਅਕਤੂਬਰ 2026 ਤੋਂ 31 ਦਸੰਬਰ 2026 ਤੱਕ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਮੀਡੀਏਸ਼ਨ ਸੈਂਟਰ ਰਾਹੀਂ ਵੱਖ-ਵੱਖ ਕੇਸਾਂ ਵਿੱਚ ਧਿਰਾਂ ਵਿਚਕਾਰ ਆਪਸੀ ਸਹਿਮਤੀ ਅਤੇ ਰਾਜੀਨਾਮੇ ਰਾਹੀਂ ਵਿਵਾਦਾਂ ਦਾ ਸੁਖਾਲੇ ਢੰਗ ਨਾਲ ਨਿਪਟਾਰਾ ਕਰਵਾਉਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧੀ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਜਿਹੜੇ ਵਿਅਕਤੀ ਆਪਣੇ ਕੇਸਾਂ ਦਾ ਨਿਪਟਾਰਾ ਮੀਡੀਏਸ਼ਨ ਰਾਹੀਂ ਕਰਵਾਉਣਾ ਚਾਹੁੰਦੇ ਹਨ, ਉਹ ਆਪਣੇ ਕੇਸ ਸਬੰਧਤ ਮਾਨਯੋਗ ਅਦਾਲਤ ਰਾਹੀਂ 30 ਸਤੰਬਰ 2026 ਤੱਕ ਮੀਡੀਏਸ਼ਨ ਸੈਂਟਰ ਵਿਖੇ ਰਾਜੀਨਾਮੇ ਲਈ ਭੇਜਵਾ ਸਕਦੇ ਹਨ।
ਮੀਡੀਏਸ਼ਨ ਸੈਂਟਰ ਵਿਖੇ ਕੇਸ ਨਾਲ ਸਬੰਧਤ ਦੋਵੇਂ ਧਿਰਾਂ ਨੂੰ ਮੀਡੀਏਟਰਾਂ ਵੱਲੋਂ ਸੁਣਿਆ ਜਾਵੇਗਾ ਅਤੇ ਆਪਸੀ ਸਹਿਮਤੀ ਨਾਲ ਵਿਵਾਦ ਦਾ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਉਣ ਦੇ ਯਤਨ ਕੀਤੇ ਜਾਣਗੇ। ਮੀਡੀਏਸ਼ਨ ਦੀ ਪ੍ਰਕਿਰਿਆ ਰਾਹੀਂ ਧਿਰਾਂ ਨੂੰ ਆਪਣੇ ਵਿਵਾਦਾਂ ਦਾ ਸੁਖਾਲੇ, ਸਹਿਮਤੀਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕਰਨ ਦਾ ਮੌਕਾ ਮਿਲੇਗਾ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ “ਮੀਡੀਏਸ਼ਨ ਫਾਰ ਦ ਨੇਸ਼ਨ 3.0” ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਸੀ ਸਹਿਮਤੀ ਰਾਹੀਂ ਆਪਣੇ ਵਿਵਾਦਾਂ ਦਾ ਨਿਪਟਾਰਾ ਕਰਵਾਉਣ।

















