ਕਬੱਡੀ ਮੈਚ ਦੌਰਾਨ ਸਕੂਲ ਦਾ ਛੱਜਾ ਡਿੱਗਿਆ, 23 ਜ਼ਖ਼*ਮੀ

18

ਕਾਂਗੜਾ: 28 Sep 2026 AJ DI Awaaj

National Desk :  ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਕਬੱਡੀ ਮੈਚ ਦੌਰਾਨ ਵੱਡਾ ਹਾਦ*ਸਾ ਵਾਪਰ ਗਿਆ। ਜ਼ਮਾਨਾਬਾਦ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦਾ ਛੱਜਾ ਅਚਾਨਕ ਡਿੱਗ ਗਿਆ, ਜਿਸ ਕਾਰਨ ਉੱਥੇ ਮੈਚ ਦੇਖ ਰਹੇ ਕਰੀਬ 150 ਲੋਕ ਹੇਠਾਂ ਡਿੱਗ ਪਏ। ਹਾਦ*ਸੇ ਵਿੱਚ ਲਗਭਗ 23 ਲੋਕ ਜ਼*ਖ਼ਮੀ ਹੋਏ ਹਨ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਜਾਣਕਾਰੀ ਮੁਤਾਬਕ ਸਕੂਲ ਦੇ ਮੈਦਾਨ ਵਿੱਚ ‘ਅਬਦੁੱਲਾਪੁਰ ਪੰਚਾਇਤ ਕਬੱਡੀ ਲੀਗ’ ਦੇ ਮੈਚ ਚੱਲ ਰਹੇ ਸਨ। ਮੈਚ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਸਕੂਲ ਦੀ ਇਮਾਰਤ ਦੇ ਛੱਜੇ ’ਤੇ ਖੜ੍ਹੇ ਸਨ। ਇਸੇ ਦੌਰਾਨ ਛੱਜਾ ਅਚਾਨਕ ਟੁੱਟ ਕੇ ਹੇਠਾਂ ਆ ਡਿੱਗਿਆ ਅਤੇ ਦਰਸ਼ਕ ਵੀ ਇਸ ਦੇ ਨਾਲ ਹੇਠਾਂ ਡਿੱਗ ਗਏ।

ਹਾਦਸੇ ਵਿੱਚ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇੱਕ ਵਿਅਕਤੀ ਦੀ ਪਿੱਠ ਅਤੇ ਦੂਜੇ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕੀਤਾ ਗਿਆ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਏਪੀਐਮਸੀ ਕਾਂਗੜਾ ਦੇ ਚੇਅਰਮੈਨ ਨਿਸ਼ੂ ਮੋਂਗਰਾ ਵੀ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਜ਼ਿਆਦਾਤਰ ਜ਼ਖ਼ਮੀ ਅਬਦੁੱਲਾਪੁਰ ਅਤੇ ਜ਼ਮਾਨਾਬਾਦ ਇਲਾਕੇ ਦੇ ਵਸਨੀਕ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਜ਼ਖ਼*ਮੀਆਂ ਵਿੱਚ ਹਰਸ਼, ਦਕਸ਼, ਅਮਨ, ਸੁਜਲ, ਮੋਹਿਤ, ਆਰੀਅਨ, ਅਮੀਸ਼, ਨਿਕਸ਼ਾਂਤ, ਆਯੁਸ਼, ਸ਼ੁਭਮ, ਅਰਪਿਤ, ਧਰੁਵ, ਸੂਰਯਾਂਸ਼, ਆਕਰਸ਼, ਸੁਸ਼ਾਂਤ, ਅਭਿਸ਼ੇਕ, ਅਜੈ ਕੁਮਾਰ, ਲਕਸ਼ਯ, ਵਿਜੇ ਕੁਮਾਰ, ਪ੍ਰੇਮ ਚੰਦ ਅਤੇ ਕ੍ਰਿਸ਼ ਸ਼ਾਮਲ ਹਨ।

ਕਾਂਗੜਾ ਹਸਪਤਾਲ ਦੀ ਡਾ. ਅਲਪਨਾ ਮੁਤਾਬਕ ਦੋ ਮਰੀਜ਼ਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਟਾਂਡਾ ਹਸਪਤਾਲ ਭੇਜਿਆ ਗਿਆ। ਹਾ*ਦਸੇ ਤੋਂ ਬਾਅਦ ਕਬੱਡੀ ਲੀਗ ਦੇ ਬਾਕੀ ਸਾਰੇ ਮੈਚ ਰੱਦ ਕਰ ਦਿੱਤੇ ਗਏ।

ਦੱਸਿਆ ਜਾ ਰਿਹਾ ਹੈ ਕਿ ਜਿਸ ਸਕੂਲ ਦੀ ਇਮਾਰਤ ਵਿੱਚ ਇਹ ਹਾ*ਦਸਾ ਵਾਪਰਿਆ, ਉਹ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ ਅਤੇ ਇਸ ਨੂੰ ਪਹਿਲਾਂ ਕਿਸੇ ਹੋਰ ਸੰਸਥਾ ਵਿੱਚ ਰਲਾ ਦਿੱਤਾ ਗਿਆ ਸੀ। ਕਬੱਡੀ ਲੀਗ ਦੀ ਸ਼ੁਰੂਆਤ 27 ਸਤੰਬਰ ਨੂੰ ਹੋਈ ਸੀ ਅਤੇ ਇਸ ਨੂੰ ਕਰੀਬ ਤਿੰਨ ਦਿਨ ਤੱਕ ਚੱਲਣਾ ਸੀ।