ਖੁੱਡੀ ਕਲਾਂ ਦੇ 650 ਏਕੜ ਰਕਬੇ ਨੂੰ ਪੰਜ ਦਹਾਕਿਆਂ ਬਾਅਦ ਸਿੰਜੇਗਾ ਨਹਿਰੀ ਪਾਣੀ

1
ਬਰਨਾਲਾ, 26 ਸਤੰਬਰ 2026 AJ DI Awaaj
Punjab Desk :     ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਹਰ ਖੇਤ ਤਕ ਪੁੱਜਦਾ ਕਰਨ ਲਈ ਕਰੋੜਾਂ ਰੁਪਏ ਦੇ ਨਹਿਰੀ ਪ੍ਰੋਜੈਕਟ ਲਿਆਂਦੇ ਹਨ ਜਿਨ੍ਹਾਂ ਸਦਕਾ ਦਹਾਕਿਆਂ ਬਾਅਦ ਸਾਡੇ ਖੇਡਾਂ ਨੂੰ ਨਹਿਰੀ ਪਾਣੀ ਨਸੀਬ ਹੋਇਆ ਹੈ।
    ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਖੁੱਡੀ ਕਲਾਂ ਵਿੱਚ 2.01 ਕਰੋੜ ਰੁਪਏ ਦੀ ਲਾਗਤ ਨਾਲ ਮੋਘੇ ਤੋਂ ਟੇਲ ਫਰੰਟ ਖਾਲੇ ਦੀ ਉਸਾਰੀ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਾਉਂਦਿਆਂ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 6700 ਮੀਟਰ (6.7 ਕਿਲੋਮੀਟਰ) ਲੰਬਾਈ ਵਾਲਾ ਖਾਲ ਉਸਾਰਿਆ ਜਾਵੇਗਾ ਜਿਸ ਨਾਲ ਤਕਰੀਬਨ 650 ਏਕੜ ਰਕਬੇ ਨੂੰ 50 ਸਾਲਾਂ ਬਾਅਦ ਪਹਿਲੀ ਵਾਰ ਨਹਿਰੀ ਪਾਣੀ ਨਸੀਬ ਹੋਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਕਰੋੜਾਂ ਦੇ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ। ਓਨ੍ਹਾਂ ਕਿਹਾ 300 ਕਰੋੜ ਰੁਪਏ ਦੇ ਕੰਮ ਸਿਰਫ ਜਲ ਸਰੋਤ ਵਿਭਾਗ ਦੇ ਕਰਵਾਏ ਗਏ ਹਨ ਜਿਨ੍ਹਾਂ ਵਿਚ ਮੋਘੇ, ਖਾਲਾਂ, ਅੰਡਰ ਗਰਾਊਂਡ ਪਾਈਪਲਾਈਨ ਦਾ ਕੰਮ ਸ਼ਾਮਲ ਹੈ। ਓਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰੀਗੜ੍ਹ ਨਹਿਰ ਲੰਘਣ ਦੇ ਬਾਵਜੂਦ ਹਰੀਗੜ੍ਹ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੋ ਰਿਹਾ ਸੀ ਅਤੇ ਓਨ੍ਹਾਂ ਵਲੋਂ ਹਰੀਗੜ੍ਹ, ਭੂਰੇ, ਬਡਬਰ ਸਣੇ ਵੱਖ ਵੱਖ ਪਿੰਡਾਂ ਵਿਚ ਮੋਘੇ ਕਢਵਾਏ ਗਏ ਅਤੇ ਕਈ ਪਿੰਡਾਂ ਵਿਚ ਦਹਾਕਿਆਂ ਮਗਰੋਂ ਨਹਿਰੀ ਪਾਣੀ ਪਹੁੰਚਿਆ।
 ਓਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਵਲੋਂ ਨਹਿਰੀ ਕੰਮਾਂ ‘ਤੇ ਏਨੇ ਫੰਡ ਨਹੀਂ ਖਰਚੇ ਗਏ ਜਿੰਨੇ ਮਾਨ ਸਰਕਾਰ ਵਲੋਂ ਨਹਿਰੀ ਪ੍ਰੋਜੈਕਟਾਂ ਉੱਤੇ ਇਲਾਕੇ ਵਿਚ ਖਰਚੇ ਗਏ ਹਨ।
ਇਸ ਮੌਕੇ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਮਿਆਰੀ ਅਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਐਕਸੀਅਨ ਜਲ ਸਰੋਤ ਵਿਭਾਗ ਹਰਸ਼ਾਂਤ ਵਰਮਾ ਅਤੇ ਪਿੰਡ ਵਾਸੀ ਹਾਜ਼ਰ ਸਨ।