ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਏਗਾ ‘ਮਿਸ਼ਨ ਰਫ਼ਤਾਰ’

2

ਮਾਲੇਰਕੋਟਲਾ, 25 ਸਤੰਬਰ 2026 AJ DI Awaaj

Punjab Desk :    ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਵੱਲੋਂ ‘ਮਿਸ਼ਨ ਰਫ਼ਤਾਰ’ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੇ 10 ਚੁਣੇ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਰੋਬੋਟਿਕਸ, ਪਾਈਥਨ ਪ੍ਰੋਗਰਾਮਿੰਗ, ਫਿਜ਼ੀਕਲ ਕੰਪਿਊਟਿੰਗ ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈ.ਓ.ਟੀ.) ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਕਮ ਕੰਪਿਊਟਰ ਫੈਕਲਟੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਨਾਇਲਿਟ), ਰੂਪਨਗਰ ਦੇ ਸਹਿਯੋਗ ਨਾਲ ਸੂਬੇ ਦੇ 425 ਸਰਕਾਰੀ ਸਕੂਲਾਂ ਨੂੰ ਮਿਸ਼ਨ ਰਫ਼ਤਾਰ ਤਹਿਤ ਸਿਖਲਾਈ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿੱਚੋਂ ਮਾਲੇਰਕੋਟਲਾ ਜ਼ਿਲ੍ਹੇ ਦੇ 07 ਪੀ.ਐਮ. ਸ਼੍ਰੀ ਸਕੂਲ ਅਤੇ 03 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ  ਮੈਗਸ਼ੀਪਾ ਚੰਡੀਗੜ੍ਹ ਵਿਖੇ ‘ਏ.ਆਈ. ਸਮਰੱਥ’ ਵਿਸ਼ੇ ’ਤੇ ਦੋ ਰੋਜਾ  ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਅਧਿਆਪਕਾਂ ਦੀ ਉੱਨਤੀ ਅਤੇ ਅਕਾਦਮਿਕ ਤਿਆਰੀ ਲਈ ਰੋਬੋਟਿਕਸ ਅਤੇ ਕ੍ਰਿਤ੍ਰਿਮ ਬੁੱਧੀਮਤਾ ਆਧਾਰਿਤ ਢਾਂਚੇ ਬਾਰੇ ਸਿਖਲਾਈ ਦਿੱਤੀ ਗਈ। ਇਸ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਤਕਨੀਕਾਂ ਵਿੱਚ ਨਿਪੁੰਨ ਬਣਾਉਣਾ ਹੈ, ਤਾਂ ਜੋ ਉਹ ਵਿਦਿਆਰਥੀਆਂ ਵਿੱਚ ਕੰਪਿਊਟੇਸ਼ਨਲ ਸੋਚ, ਰਚਨਾਤਮਕਤਾ, ਨਵੀਨਤਾਕਾਰੀ ਵਿਚਾਰਧਾਰਾ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਵਿਕਸਤ ਕਰ ਸਕਣ।

ਦਵਿੰਦਰ ਸਿੰਘ ਨੇ ਦੱਸਿਆ ਕਿ ਚੁਣੇ ਗਏ ਸਕੂਲਾਂ ਨੂੰ ‘ਡਿਜੀਟਲ ਇਨੋਵੇਸ਼ਨ ਹੱਬ’ ਵਜੋਂ ਵਿਕਸਤ ਕੀਤਾ ਜਾਵੇਗਾ। ਸਕੂਲਾਂ ਵਿੱਚ ਮੌਜੂਦ ਕੰਪਿਊਟਰ ਲੈਬਾਂ, ਡਿਜੀਟਲ ਕਲਾਸਰੂਮ ਅਤੇ ਇੰਟਰਨੈੱਟ ਸਹੂਲਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਏ.ਆਈ. ਅਤੇ ਰੋਬੋਟਿਕਸ ਕਿੱਟਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪ੍ਰੋਜੈਕਟ ਤਿਆਰ ਕਰਨ ਅਤੇ ਨਵੀਆਂ ਤਕਨੀਕਾਂ ਨੂੰ ਹੱਥੀਂ ਸਮਝਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ‘ਮਿਸ਼ਨ ਰਫ਼ਤਾਰ’ ਵਿਦਿਆਰਥੀਆਂ ਨੂੰ ਕੇਵਲ ਤਕਨਾਲੋਜੀ ਦੇ ਉਪਭੋਗਤਾ ਹੀ ਨਹੀਂ, ਸਗੋਂ ਨਵੇਂ ਵਿਚਾਰਾਂ ਅਤੇ ਤਕਨੀਕੀ ਹੱਲਾਂ ਦੇ ਸਿਰਜਣਹਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਹ ਪਹਿਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਭਵਿੱਖ ਦੇ ਰੁਜ਼ਗਾਰ ਖੇਤਰ ਵਿੱਚ ਮੁਕਾਬਲੇ ਲਈ ਹੋਰ ਸਮਰੱਥ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗੀ।