ਵੋਟਰਾਂ ਦੀ ਸਹੂਲਤ ਲਈ ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਨੂੰ ਵਿਧਾਨ ਸਭਾ ਚੋਣ ਹਲਕਾ 106 ਅਮਰਗੜ੍ਹ ਲਈ ਰਿਟਰਨਿੰਗ ਅਫਸਰ/ਚੋਣਕਾਰ ਰਜਿਸਟਰੇਸ਼ਨ ਅਫਸਰ ਦੀ ਨਿਯੁਕਤੀ

17

ਮਾਲੇਰਕੋਟਲਾ 10 ਫਰਵਰੀ : Fact Recorder

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਡਾ ਪੱਲਵੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਚੋਣ ਕਮਿਸ਼ਨ ,ਨਵੀਂ ਦਿੱਲੀ ਵਲੋਂ ਨੋਟੀਫਿਕੇਸ਼ਨ ਜਾਰੀ ਕਰਦਿਆਂ ਲੋਕਾਂ ਦੀ ਸਹੂਲਤ ਲਈ ਵਿਧਾਨ ਸਭਾ ਚੋਣ ਹਲਕਾ 106 ਅਮਰਗੜ੍ਹ ਲਈ ਰਿਟਰਨਿੰਗ ਅਫਸਰ ਅਤੇ ਚੋਣਕਾਰ ਰਜਿਸਟਰੇਸ਼ਨ ਅਫਸਰ ਦੀ ਨਿਯੁਕਤੀ ਕੀਤੀ ਗਈ ਹੈ  । ਜਿਕਰਯੋਗ ਹੈ ਕਿ ਪਹਿਲਾ ਵਿਧਾਨ ਸਭਾ ਚੋਣ ਹਲਕਾ 106 ਅਮਰਗੜ੍ਹ ਦਾ ਚੋਣਾਂ ਨਾਲ ਸਬੰਧਤ ਸਮੁੱਚਾ ਕੰਮਕਾਜ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ ਵਲੋਂ ਕੀਤਾ ਜਾਂਦਾ ਸੀ ।

ਹਲਕੇ ਦੇ ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਧਾਨ ਸਭਾ ਚੋਣ ਹਲਕਾ 106 ਅਮਰਗੜ੍ਹ ਦੇ ਬਤੌਰ ਚੋਣਕਾਰ ਰਜਿਸਟਰੇਸ਼ਨ ਅਫਸਰ/ਰਿਟਰਨਿੰਗ ਅਫਸਰ ਵਜੋਂ ਕੰਮਕਾਜ ਤੁਰੰਤ ਪ੍ਰਭਾਵ ਤੋਂ ਕੀਤਾ ਜਾਵੇ ।

ਡਾ ਪੱਲਵੀ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ, ਅਹਿਮਦਗੜ੍ਹ ਨੂੰ ਹਦਾਇਤ ਕੀਤੀ ਗਈ ਹੈ ਕਿ ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦਾ ਰਿਕਾਰਡ/ਹਾਰਡਵੇਅਰ ਅਤੇ ਸਾਫਟਵੇਅਰ ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਨੂੰ ਤੁਰੰਤ ਸਪੁਰਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 106 ਅਮਰਗੜ੍ਹ ਰਿਟਰਨਿੰਗ ਅਫਸਰ ਅਤੇ ਚੋਣਕਾਰ ਰਜਿਸਟਰੇਸ਼ਨ ਅਫਸਰ ਦੀ ਨਿਯੁਕਤੀ ਹੋਣ ਨਾਲ ਸਮੁੱਚੇ ਵੋਟਰਾਂ ਨੂੰ ਫਾਇਦਾ ਪੁੱਜੇਗਾ, ਉਨ੍ਹਾਂ ਨੂੰ ਆਪਣੇ ਚੋਣਾਂ ਨਾਲ ਸਬੰਧਤ ਕੰਮਕਾਜ ਲਈ ਦੂਰ ਨਹੀਂ ਜਾਣਾ ਪਵੇਗਾ ।