ਏਅਰ ਇੰਡੀਆ ਨੇ ਡੋਪ ਟੈਸਟ ਫੇਲ੍ਹ ਪਾਇਲਟ ਨੂੰ ਕੀਤਾ ਬਰਖ਼ਾਸਤ

35

ਨਵੀਂ ਦਿੱਲੀ: 05 Sep 2026 AJ DI Awaaj

National Desk :     ਫੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੌਰਾਨ ਜਹਾਜ਼ ਦੀ ਉਚਾਈ ਅਚਾਨਕ ਕਰੀਬ 300 ਫੁੱਟ ਘੱਟ ਹੋਣ ਦੇ ਮਾਮਲੇ ਵਿੱਚ ਏਅਰਲਾਈਨ ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਦੌਰਾਨ ਫਲਾਈਟ ਦੇ ਪਾਇਲਟ-ਇਨ-ਕਮਾਂਡ ਦਾ ਸਾਈਕੋਐਕਟਿਵ ਸਬਸਟੈਂਸ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਹਵਾਬਾਜ਼ੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਕੰਪਨੀ ਦੀ ਜ਼ੀਰੋ ਟੌਲਰੈਂਸ ਨੀਤੀ ਹੈ। ਏਅਰਲਾਈਨ ਮੁਤਾਬਕ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

4 ਅਗਸਤ ਨੂੰ ਵਾਪਰੀ ਸੀ ਘਟਨਾ

ਇਹ ਘਟਨਾ 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ AI2379 ਵਿੱਚ ਵਾਪਰੀ। ਏਅਰਬੱਸ A320 ਜਹਾਜ਼ ਫੁਕੇਤ ਤੋਂ ਦਿੱਲੀ ਆ ਰਿਹਾ ਸੀ ਅਤੇ ਇਸ ਵਿੱਚ 137 ਯਾਤਰੀ ਤੇ 8 ਚਾਲਕ ਦਲ ਦੇ ਮੈਂਬਰ ਸਵਾਰ ਸਨ। ਉਡਾਣ ਦੌਰਾਨ ਜਹਾਜ਼ ਦੀ ਉਚਾਈ ਕਰੀਬ 300 ਫੁੱਟ ਘੱਟ ਹੋ ਗਈ। ਇਸ ਦੌਰਾਨ 24 ਲੋਕਾਂ ਦੇ ਜ਼*ਖ਼ਮੀ ਹੋਣ ਦੀ ਜਾਣਕਾਰੀ ਹੈ।

ਜਹਾਜ਼ ਬਾਅਦ ਵਿੱਚ ਸਥਿਰ ਹੋ ਗਿਆ ਅਤੇ ਸੁਰੱਖਿਅਤ ਤਰੀਕੇ ਨਾਲ ਦਿੱਲੀ ਪਹੁੰਚ ਗਿਆ। ਘਟਨਾ ਤੋਂ ਬਾਅਦ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਜਾਂਚ ਸ਼ੁਰੂ ਕੀਤੀ ਗਈ।

ਪਾਇਲਟ ਦਾ ਸਾਈਕੋਐਕਟਿਵ ਸਬਸਟੈਂਸ ਟੈਸਟ ਪਾਜ਼ੀਟਿਵ

ਜਾਂਚ ਦੌਰਾਨ ਫਲਾਈਟ ਕਰੂ ਦਾ ਲਾਜ਼ਮੀ ਡਰੱਗ ਅਤੇ ਸਾਈਕੋਐਕਟਿਵ ਸਬਸਟੈਂਸ ਟੈਸਟ ਕੀਤਾ ਗਿਆ। ਕੋ-ਪਾਇਲਟ ਦਾ ਟੈਸਟ ਨੈਗੇਟਿਵ ਆਇਆ, ਜਦਕਿ ਪਾਇਲਟ-ਇਨ-ਕਮਾਂਡ ਦੇ ਸ਼ੁਰੂਆਤੀ ਟੈਸਟ ਵਿੱਚ ਗੜਬੜ ਸਾਹਮਣੇ ਆਈ। ਇਸ ਤੋਂ ਬਾਅਦ ਕਰਵਾਏ ਗਏ ਕਨਫਰਮੇਟਰੀ ਟੈਸਟ ਵਿੱਚ ਵੀ ਨਤੀਜਾ ਪਾਜ਼ੀਟਿਵ ਆਇਆ।

ਇਸ ਰਿਪੋਰਟ ਤੋਂ ਬਾਅਦ ਏਅਰ ਇੰਡੀਆ ਨੇ ਪਾਇਲਟ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ।

ਜਹਾਜ਼ ਦੇ ਅਚਾਨਕ ਹੇਠਾਂ ਆਉਣ ਦੀ ਜਾਂਚ ਜਾਰੀ

ਮੁੱਢਲੀ ਜਾਂਚ ਵਿੱਚ ਜਹਾਜ਼ ਦੇ ਤਿੰਨਾਂ ਹਾਈਡ੍ਰੌਲਿਕ ਸਿਸਟਮਾਂ ਵਿੱਚ ਕੁਝ ਸਮੇਂ ਲਈ ਦਬਾਅ ਘੱਟ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਕਾਰਨ ਆਟੋਪਾਇਲਟ ਡਿਸਐਂਗੇਜ ਹੋ ਗਿਆ ਸੀ ਅਤੇ ਕੁਝ ਸਮੇਂ ਲਈ ਫਲਾਈਟ ਕੰਟਰੋਲ ਸਿਸਟਮ ਪ੍ਰਭਾਵਿਤ ਹੋਇਆ।

ਹਾਲਾਂਕਿ, ਜਹਾਜ਼ ਦੀ ਉਚਾਈ ਅਚਾਨਕ ਘੱਟ ਹੋਣ ਦੇ ਪੂਰੇ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ। AAIB ਦੀ ਅੰਤਿਮ ਰਿਪੋਰਟ ਤੋਂ ਬਾਅਦ ਹੀ ਘਟਨਾ ਦੇ ਸਾਰੇ ਕਾਰਨਾਂ ਦੀ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ। ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੈ ਕਿ ਪਾਇਲਟ ਦੇ ਪਾਜ਼ੀਟਿਵ ਟੈਸਟ ਅਤੇ ਜਹਾਜ਼ ਦੇ 300 ਫੁੱਟ ਹੇਠਾਂ ਆਉਣ ਦੀ ਘਟਨਾ ਵਿਚਕਾਰ ਕੋਈ ਸਿੱਧਾ ਸਬੰਧ ਸੀ ਜਾਂ ਨਹੀਂ।