ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ

26

ਫ਼ਰੀਦਕੋਟ 31 ਅਗਸਤ 2026 AJ DI Awaaj

Punjab Desk :  ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫ਼ਰੀਦਕੋਟ ਦੇ ਦਫ਼ਤਰ ਵੱਲੋਂ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਖੇ ‘ਦੁੱਧ ਸੰਪੂਰਨ ਅਤੇ ਸੰਤੁਲਿਤ ਖੁਰਾਕ’ ਵਿਸ਼ੇ ਸਬੰਧੀ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਤੋਂ ਤਿਆਰ ਪਦਾਰਥਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਅਤੇ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕ ਕਰਨਾ ਸੀ।

ਕੈਂਪ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫ਼ਰੀਦਕੋਟ ਸ੍ਰੀ ਨਿਰਵੈਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁੱਧ ਮਨੁੱਖੀ ਸਿਹਤ ਲਈ ਲੋੜੀਂਦੇ ਕਈ ਪੋਸ਼ਕ ਤੱਤਾਂ ਦਾ ਮਹੱਤਵਪੂਰਨ ਸਰੋਤ ਹੈ। ਉਨ੍ਹਾਂ ਨੇ ਪੰਜਾਬ ਦੇ ਡੇਅਰੀ ਕਿੱਤੇ ਵਿੱਚ ਯੋਗਦਾਨ ਅਤੇ ਇਸ ਖੇਤਰ ਨਾਲ ਜੁੜੀਆਂ ਸੰਭਾਵਨਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।

ਡੇਅਰੀ ਵਿਕਾਸ ਇੰਸਪੈਕਟਰ ਸ੍ਰੀ ਗੁਰਲਾਲ ਸਿੰਘ ਨੇ ਦੁੱਧ ਦੀ ਮਨੁੱਖੀ ਜੀਵਨ ਵਿੱਚ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਰੋਜ਼ਾਨਾ ਦੁੱਧ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ।

ਇਸ ਮੌਕੇ ਮੈਨੇਜਰ ਮਾਰਕੀਟਿੰਗ, ਮਿਲਕਫੈੱਡ, ਫ਼ਰੀਦਕੋਟ ਸ੍ਰੀ ਚਸ਼ਨਦੀਪ ਸਿੰਘ ਨੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਸ੍ਰੀ ਜਗਪਾਲ ਸਿੰਘ ਬਰਾੜ, ਕੋਆਪ੍ਰੇਟਿਵ ਇੰਸਪੈਕਟਰ (ਰਿਟਾ.) ਨੇ ਵਿਦਿਆਰਥੀਆਂ ਨੂੰ ਫਾਸਟ ਫੂਡ ਦੀ ਬਜਾਏ ਪੌਸ਼ਟਿਕ ਖੁਰਾਕ ਨੂੰ ਤਰਜੀਹ ਦੇਣ ਅਤੇ ਦੁੱਧ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।

ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਜਾਂਚ ਡੇਅਰੀ ਵਿਕਾਸ ਇੰਸਪੈਕਟਰ ਸ੍ਰੀ ਹਰਮਨਪ੍ਰੀਤ ਸਿੰਘ ਵੱਲੋਂ ਕੀਤੀ ਗਈ। ਕੁੱਲ 53 ਦੁੱਧ ਦੇ ਸੈਂਪਲਾਂ ਦੀ ਜਾਂਚ ਦੌਰਾਨ 32 ਸੈਂਪਲ ਮਿਆਰਾਂ ਅਨੁਸਾਰ ਅਤੇ 21 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਜਾਂਚ ਕੀਤੇ ਗਏ ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਤੱਤ ਦੀ ਪੁਸ਼ਟੀ ਨਹੀਂ ਹੋਈ। ਇਸ ਮੌਕੇ ਵਿਦਿਆਰਥੀਆਂ ਨੂੰ ਡੇਅਰੀ ਵਿਕਾਸ ਵਿਭਾਗ ਵੱਲੋਂ ਉਪਲਬਧ ਕਰਵਾਈਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਅਤੇ ਡੇਅਰੀ ਖੇਤਰ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਸਬੰਧੀ ਵੀ ਕਰੀਅਰ ਗਾਈਡੈਂਸ ਦਿੱਤੀ ਗਈ।

ਕੈਂਪ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫ਼ਰੀਦਕੋਟ ਦੀ ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਵਿਭਾਗੀ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸੈਮੀਨਾਰ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ੍ਰੀ ਗੁਰਲਾਲ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਨਿਭਾਈ ਗਈ। ਅੰਤ ਵਿੱਚ ਸਕੂਲ ਦੇ ਸਮੂਹ ਸਟਾਫ ਵੱਲੋਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫ਼ਰੀਦਕੋਟ ਦੇ ਦਫ਼ਤਰ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਦੁੱਧ ਅਤੇ ਸੰਤੁਲਿਤ ਖੁਰਾਕ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਕੈਂਪ ਲਗਾਉਣ ਦੀ ਅਪੀਲ ਕੀਤੀ ਗਈ।