ਐਸ.ਐਮ.ਓ. ਕੀਰਤਪੁਰ ਸਾਹਿਬ ਵੱਲੋਂ ਅੰਗ ਦਾਨ ਕਰਨ ਦੀ ਅਪੀਲ

2

ਕੀਰਤਪੁਰ ਸਾਹਿਬ 21 ਅਗਸਤ 2026 AJ DI Awaaj

Punjab Desk  : ਸਿਵਲ ਸਰਜਨ ਰੂਪਨਗਰ ਡਾ. ਬੌਬੀ ਘੁਲਾਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐਚ.ਸੀ. ਕੀਰਤਪੁਰ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਅੰਗ ਦਾਨ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਐਮ.ਓ. ਕੀਰਤਪੁਰ ਸਾਹਿਬ ਡਾ. ਹਰਿੰਦਰ ਸਿੰਘ ਨੇ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕੀਤਾ।
ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਅੰਗਦਾਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਅੰਗ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਮੌਤ ਤੋਂ ਬਾਅਦ ਅੰਗ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਲੋਕਾਂ ਦੇ ਮਨਾਂ ਵਿੱਚ ਅੰਗ ਦਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮ ਅਤੇ ਡਰ ਮੌਜੂਦ ਹਨ, ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਲੋਕ https://notto.abdm.gov.in/ ਵੈੱਬ ਪੋਰਟਲ ਰਾਹੀਂ ਅੰਗ ਦਾਨ ਸਬੰਧੀ ਡਿਜੀਟਲ ਸਹੁੰ ਚੁੱਕ ਸਕਦੇ ਹਨ। ਇਸ ਲਿੰਕ ਨੂੰ ਵਟਸਐਪ ਸਮੂਹਾਂ ਰਾਹੀਂ ਸਿਹਤ ਸੰਭਾਲ ਸਹੂਲਤਾਂ ਵਿੱਚ ਕੰਮ ਕਰਦੇ ਸਟਾਫ ਨਾਲ ਸਾਂਝਾ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਿਹਤ ਕਰਮਚਾਰੀਆਂ ਨੂੰ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

ਸੀਨੀਅਰ ਮੈਡੀਕਲ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਲ, ਜਿਗਰ, ਗੁਰਦੇ, ਪੈਨਕ੍ਰੀਅਸ, ਫੇਫੜੇ ਅਤੇ ਅੱਖਾਂ ਵਰਗੇ ਅੰਗ ਦਾਨ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਸਿਹਤਮੰਦ ਅੰਗ ਕਿਸੇ ਲੋੜਵੰਦ ਵਿਅਕਤੀ ਵਿੱਚ ਟ੍ਰਾਂਸਪਲਾਂਟ ਕਰਕੇ ਉਸਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਅੰਗ ਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਲੋਕਾਂ ਨੂੰ ਇਸ ਨੇਕ ਕਾਰਜ ਲਈ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਹੈ।