ਮਾਲੇਰਕੋਟਲਾ, 18 ਅਗਸਤ 2026 AJ DI Awaaj
Punjab Desk : ਪਿੰਡ ਗੁਵਾਰਾ ਦੀਆਂ 11 ਮਹਿਲਾਵਾਂ ਨੇ ਮਿਹਨਤ, ਹਿੰਮਤ ਅਤੇ ਸਾਂਝੇ ਉੱਦਮ ਦੀ ਮਿਸਾਲ ਪੇਸ਼ ਕਰਦਿਆਂ ਆਪਣੇ ਸਵੈ ਸਹਾਇਤਾ ਗਰੁੱਪ ‘ਕਲਪਨਾ ਚਾਵਲਾ’ ਸਫਲ ਕਾਰੋਬਾਰੀ ਉਪਰਾਲੇ ਵਿੱਚ ਬਦਲ ਦਿੱਤਾ ਹੈ। ਕਰੀਬ ਪੰਜ ਸਾਲ ਪਹਿਲਾਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਮਹਿਲਾਵਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਗਰੁੱਪ ਹੁਣ ਆਪਣੇ ਮਸਾਲਿਆਂ ਨੂੰ ਸਥਾਨਕ ਬਾਜ਼ਾਰ ਤੋਂ ਅੱਗੇ ਲੈ ਕੇ ‘ਐਮਾਜ਼ੋਨ ’ਤੱਕ ‘ ਬੀਬੀਆਂ ਦੀ ਹੱਟੀ ’ਪਹੁੰਚਾਉਣ ਵਿੱਚ ਸਫਲ ਹੋਇਆ ਹੈ।
ਗਰੁੱਪ ਦੀ ਮੈਂਬਰ ਕਰਮਜੀਤ ਕੌਰ ਨੇ ਦੱਸਿਆ ਕਿ ਗਰੁੱਪ ਵੱਲੋਂ ਤਿਆਰ ਕੀਤੇ ਹਲਦੀ, ਮਿਰਚ, ਗਰਮ ਮਸਾਲਾ ਅਤੇ ਧਨੀਆ ਪਾਊਡਰ ਹੁਣ ਆਨਲਾਈਨ ਉਪਲਬਧ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਉਦਯੋਗਿਕ ਕੇਂਦਰ, ਮਾਲੇਰਕੋਟਲਾ ਦੀ ਤਕਨੀਕੀ ਸਹਾਇਤਾ ਨਾਲ ਉਤਪਾਦਾਂ ਦੀ ਮਾਰਕੀਟਿੰਗ ਅਤੇ ਆਨਲਾਈਨ ਵਿਕਰੀ ਲਈ ਨਵਾਂ ਮੰਚ ਮਿਲਿਆ ਹੈ, ਜਿਸ ਨਾਲ ਪੇਂਡੂ ਮਹਿਲਾਵਾਂ ਦੇ ਉਤਪਾਦ ਵੱਡੇ ਬਾਜ਼ਾਰ ਤੱਕ ਪਹੁੰਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਗਰੁੱਪ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰੀਬ 1 ਇੱਕ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ ਸੀ ਸ਼ੁਰੂਆਤ ਛੋਟੇ ਪੱਧਰ ’ਤੇ ਹੋਈ, ਪਰ ਮਹਿਲਾਵਾਂ ਨੇ ਗੁਣਵੱਤਾ, ਮਿਹਨਤ ਅਤੇ ਲਗਾਤਾਰ ਸਿੱਖਣ ਨਾਲ ਆਪਣੇ ਉਤਪਾਦਾਂ ਲਈ ਮਜ਼ਬੂਤ ਬਾਜ਼ਾਰ ਤਿਆਰ ਕੀਤਾ।
ਇਸ ਉਪਰਾਲੇ ਦੀ ਵਿਸ਼ੇਸ਼ ਗੱਲ ਇਹ ਹੈ ਕਿ ਗਰੁੱਪ ਨਾਲ ਜੁੜੀਆਂ 8 ਵਿਧਵਾ ਮਹਿਲਾਵਾਂ ਆਪਣੇ ਘਰ ਦੇ ਨੇੜੇ ਹੀ ਕੰਮ ਕਰਕੇ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣ ਰਹੀਆਂ ਹਨ। ਉਨ੍ਹਾਂ ਲਈ ਇਹ ਗਰੁੱਪ ਆਮਦਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਅਤੇ ਸਮਾਜਿਕ ਸਨਮਾਨ ਦਾ ਸਾਧਨ ਵੀ ਬਣਿਆ ਹੈ।
ਕਰਮਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਦੂਰਅੰਦੇਸ਼ੀ ਸੋਚ ਸਦਕਾ ਪਾਇਲਟ ਪ੍ਰੋਜੈਕਟ ਅਧੀਨ ਸਾਡੇ ਸਵੈ ਸਹਾਇਤਾ ਗੁਰੱਪ (ਕਲਪਨਾ ਚਾਵਲਾ) ਦੇ ਉਤਪਾਦ ਜ਼ਿਲ੍ਹੇ ਦੇ 100 ਸਕੂਲਾਂ ਵਿੱਚ ਵਰਤੋਂ ਲਈ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ ਗਰੁੱਪ ਨੂੰ ਸਥਿਰ ਮਾਰਕੀਟ ਮਿਲਣ ਦੇ ਨਾਲ ਮਹਿਲਾਵਾਂ ਦਾ ਹੌਸਲਾ ਵੀ ਵਧਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਹੁਣ ਸਵੈ ਸਹਾਇਤਾ ਗਰੁੱਪਾਂ ਨੂੰ 30 ਹਜ਼ਾਰ ਰੁਪਏ ਦੀ ਰਿਵਾਲਵਿੰਗ ਫੰਡ ਵਜੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਤਪਾਦ ਤਿਆਰੀ, ਪੈਕਿੰਗ, ਬ੍ਰਾਂਡਿੰਗ ਅਤੇ ਮਾਰਕੀਟਿੰਗ ਸਬੰਧੀ ਮੁਫ਼ਤ ਤਕਨੀਕੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਗਰੁੱਪ ਦੀ ਕਾਮਯਾਬੀ ਹੋਰ ਪੇਂਡੂ ਮਹਿਲਾਵਾਂ ਲਈ ਪ੍ਰੇਰਣਾ ਹੈ ਕਿ ਉਹ ਆਪਣੇ ਹੁਨਰ ਨੂੰ ਆਮਦਨ ਦੇ ਸਾਧਨ ਵਿੱਚ ਬਦਲਣ ਅਤੇ ਸਵੈ ਸਹਾਇਤਾ ਗਰੁੱਪਾਂ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕਰਨ। ਇਹ ਕਹਾਣੀ ਸਾਬਤ ਕਰਦੀ ਹੈ ਕਿ ਸਫਲਤਾ ਲਈ ਸ਼ੁਰੂਆਤ ਵੱਡੀ ਨਹੀਂ, ਹੌਸਲਾ ਵੱਡਾ ਹੋਣਾ ਜ਼ਰੂਰੀ ਹੈ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨਾਲ 78891-56671 ਅਤੇ ਜ਼ਿਲ੍ਹਾ ਉਦਯੋਗਿਕ ਕੇਂਦਰ ਦੇ ਮਾਰਕੀਟਿੰਗ ਐਗਜੀਕਿਊਨਿੰਗ ਅਫ਼ਸਰ ਹਰਦੀਪ ਸਿੰਘ ਨਾਲ 75891-19625 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



















