ਅੰਮ੍ਰਿਤਸਰ ਦੀ ਟੀਯਾ ਦੀ ਅੰਤਰਰਾਸ਼ਟਰੀ ਸੈਟੇਲਾਈਟ ਮਿਸ਼ਨ ਲਈ ਚੋਣ

22

ਅੰਮ੍ਰਿਤਸਰ: 18 Aug 2026 AJ DI Awaaj

Punjab Desk :  ਅੰਮ੍ਰਿਤਸਰ ਦੀ ਵਿਦਿਆਰਥਣ ਟੀਯਾ ਨੇ ਵਿਗਿਆਨ ਦੇ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਸ ਦੀ ਇਸਰੋ ਦੇ ਸਹਿਯੋਗ ਨਾਲ ਹੋਣ ਵਾਲੇ ਅੰਤਰਰਾਸ਼ਟਰੀ ਸੈਟੇਲਾਈਟ ਮਿਸ਼ਨ ਲਈ ਚੋਣ ਹੋਈ ਹੈ। ਇਸ ਮਿਸ਼ਨ ਰਾਹੀਂ ਟੀਯਾ ਭਾਰਤ ਅਤੇ ਪੰਜਾਬ ਦੀ ਨੁਮਾਇੰਦਗੀ ਕਰੇਗੀ।

ਅਗਸਤ 2026 ਵਿੱਚ ਨਵੀਂ ਦਿੱਲੀ ਵਿਖੇ ਹੋਣ ਵਾਲੀ ਵਿਸ਼ੇਸ਼ ਵਰਕਸ਼ਾਪ ਦੌਰਾਨ ਟੀਯਾ ਨੂੰ ਸੈਟੇਲਾਈਟ ਡਿਜ਼ਾਈਨਿੰਗ, ਇੰਟੀਗ੍ਰੇਸ਼ਨ ਅਤੇ ਅਸੈਂਬਲਿੰਗ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਮਿਸ਼ਨ ਤਹਿਤ ਤਿਆਰ ਕੀਤਾ ਜਾਣ ਵਾਲਾ ਸੈਟੇਲਾਈਟ 11 ਅਕਤੂਬਰ ਨੂੰ ਚੰਦਰਮਾ ਦੀ ਕਕਸ਼ ਵਿੱਚ ਲਾਂਚ ਕੀਤਾ ਜਾਣਾ ਹੈ।

ਟੀਯਾ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅੰਮ੍ਰਿਤਸਰ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਟੀਯਾ ਦੀ ਸਫਲਤਾ ਹੋਰ ਵਿਦਿਆਰਥਣਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।

ਮੰਤਰੀ ਨੇ ਦੱਸਿਆ ਕਿ ‘ਸਕੂਲ ਆਫ ਐਮੀਨੈਂਸ’, ਮਾਲ ਰੋਡ ਪਹਿਲਾਂ ਵੀ ਪੁਲਾੜ ਖੇਤਰ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ। ਸਕੂਲ ਦੀਆਂ ਵਿਦਿਆਰਥਣਾਂ ਨੇ 2022 ਵਿੱਚ ਦੋ ਵੱਖ-ਵੱਖ ਸੈਟੇਲਾਈਟ ਮਿਸ਼ਨਾਂ ਲਈ ਪੇਲੋਡ ਤਿਆਰ ਕਰਕੇ ਯੋਗਦਾਨ ਪਾਇਆ ਸੀ।

ਹਰਭਜਨ ਸਿੰਘ ਈ.ਟੀ.ਓ. ਨੇ ਟੀਯਾ ਦੇ ਮਾਪਿਆਂ, ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਅਤੇ ਪ੍ਰਾਜੈਕਟ ਇੰਚਾਰਜ ਕਮਲ ਕੁਮਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਉਮੀਦ ਜਤਾਈ ਕਿ ਟੀਯਾ ਭਵਿੱਖ ਵਿੱਚ ਵੀ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।