ਸ਼ਹਿਜ਼ਾਦ ਪੂਨਾਵਾਲਾ ਦੀ ਮੁੜ ਅਪੀਲ, ‘ਮੇਰਾ ਅਸਤੀਫਾ ਸਵੀਕਾਰ ਕਰੋ’

3

ਨਵੀਂ ਦਿੱਲੀ: 17 Aug 2026 AJ DI Awaaj

National Desk :  ਭਾਜਪਾ ਦੇ ਸਾਬਕਾ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਆਪਣਾ ਅਸਤੀਫਾ ਮੁੜ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਪੂਨਾਵਾਲਾ ਨੇ ਹਾਲ ਹੀ ਵਿੱਚ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ, ਪਰ ਪਾਰਟੀ ਵੱਲੋਂ ਉਨ੍ਹਾਂ ਦਾ ਅਸਤੀਫਾ ਤੁਰੰਤ ਸਵੀਕਾਰ ਨਹੀਂ ਕੀਤਾ ਗਿਆ ਸੀ।

ਪੂਨਾਵਾਲਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਆਪਣੇ ਨਵੇਂ ਅਸਤੀਫਾ ਪੱਤਰ ਦੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਉਹ ਆਪਣੇ ਫੈਸਲੇ ’ਤੇ ਕਾਇਮ ਹਨ ਅਤੇ ਪਾਰਟੀ ਤੋਂ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਨ ਦੀ ਬੇਨਤੀ ਕਰਦੇ ਹਨ।

30 ਜੁਲਾਈ ਨੂੰ ਵੀ ਦਿੱਤਾ ਸੀ ਅਸਤੀਫਾ

ਸ਼ਹਿਜ਼ਾਦ ਪੂਨਾਵਾਲਾ ਨੇ 30 ਜੁਲਾਈ ਨੂੰ ਭਾਜਪਾ ਦੇ ਸਾਰੇ ਅਹੁਦਿਆਂ ਅਤੇ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਮੁਤਾਬਕ, ਪਾਰਟੀ ਨੇ ਉਸ ਸਮੇਂ ਉਨ੍ਹਾਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ।

ਹੁਣ ਆਪਣੇ ਤਾਜ਼ਾ ਪੱਤਰ ਵਿੱਚ ਪੂਨਾਵਾਲਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਤੋਂ ਬਾਅਦ ਉਹ ਆਪਣੇ ਪਹਿਲੇ ਫੈਸਲੇ ’ਤੇ ਕਾਇਮ ਰਹਿਣ ਲਈ ਮਜਬੂਰ ਹੋਏ ਹਨ।

ਵਿੱਤੀ ਤੇ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ

ਪੂਨਾਵਾਲਾ ਨੇ ਅਸਤੀਫੇ ਦਾ ਕਾਰਨ ਵਿੱਤੀ ਅਤੇ ਨਿੱਜੀ ਮਜਬੂਰੀਆਂ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਖੇਤਰ ਵਿੱਚ ਜਾਣ ਦਾ ਫੈਸਲਾ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਜਿੱਥੇ ਵੀ ਸੰਭਵ ਹੋਵੇਗਾ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਵਿਚਾਰਧਾਰਾ ਤੇ ਕੰਮ ਦਾ ਸਮਰਥਨ ਕਰਦੇ ਰਹਿਣਗੇ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨਿਤਿਨ ਨਬੀਨ, ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਬੀਐਲ ਸੰਤੋਸ਼ ਦਾ ਧੰਨਵਾਦ ਵੀ ਕੀਤਾ।

‘ਵਿਚਾਰਧਾਰਾ ਨਹੀਂ, ਸਿਰਫ ਸਿਸਟਮ ਛੱਡ ਰਿਹਾ ਹਾਂ’

ਪੂਨਾਵਾਲਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਸਤੀਫਾ ਭਾਜਪਾ ਦੀ ਵਿਚਾਰਧਾਰਾ ਤੋਂ ਦੂਰੀ ਬਣਾਉਣ ਦਾ ਸੰਕੇਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਪਾਰਟੀ ਦੇ ਸਿਸਟਮ ਤੋਂ ਬਾਹਰ ਜਾ ਰਹੇ ਹਨ, ਨਾ ਕਿ ਵਿਅਕਤੀਆਂ ਜਾਂ ਵਿਚਾਰਧਾਰਾ ਤੋਂ।

ਹੁਣ ਪੂਨਾਵਾਲਾ ਦੀ ਨਜ਼ਰ ਪਾਰਟੀ ਵੱਲੋਂ ਉਨ੍ਹਾਂ ਦੇ ਅਸਤੀਫੇ ਨੂੰ ਰਸਮੀ ਤੌਰ ’ਤੇ ਸਵੀਕਾਰ ਕੀਤੇ ਜਾਣ ’ਤੇ ਹੈ।