ਕਾਂਗੋ ਵਿੱਚ ਈਬੋਲਾ ਦਾ ਕ*ਹਿਰ, 2 ਹਜ਼ਾਰ ਤੋਂ ਵੱਧ ਮੌ*ਤਾਂ

29

ਕਿਨਸ਼ਾਸਾ: 12 Aug 2026 AJ DI Awaaj

International Desk :   ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ਤੇਜ਼ੀ ਨਾਲ ਗੰਭੀਰ ਹੁੰਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ ਈਬੋਲਾ ਦੇ 4,381 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਬਿਮਾਰੀ ਕਾਰਨ 2,011 ਲੋਕਾਂ ਦੀ ਮੌ*ਤ ਹੋ ਚੁੱਕੀ ਹੈ। ਇਸ ਸਮੇਂ 704 ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਤੇ ਇਕਾਂਤਵਾਸ ਵਿੱਚ ਹਨ।

ਸਿਹਤ ਅਧਿਕਾਰੀਆਂ ਲਈ ਸਭ ਤੋਂ ਵੱਡੀ ਚੁਣੌਤੀ ਦੂਰ-ਦੁਰਾਡੇ ਅਤੇ ਸੰਘਰਸ਼ ਪ੍ਰਭਾਵਿਤ ਇਲਾਕਿਆਂ ਤੱਕ ਸਮੇਂ ਸਿਰ ਇਲਾਜ ਪਹੁੰਚਾਉਣਾ ਹੈ। ਖਰਾਬ ਸੜਕਾਂ, ਕਮਜ਼ੋਰ ਬੁਨਿਆਦੀ ਢਾਂਚੇ ਅਤੇ ਸਿਹਤ ਸੇਵਾਵਾਂ ਵਿੱਚ ਰੁਕਾਵਟਾਂ ਕਾਰਨ ਹਾਲਾਤ ਹੋਰ ਮੁਸ਼ਕਲ ਬਣੇ ਹੋਏ ਹਨ।

ਸਿਰਫ਼ ਤਿੰਨ ਹਫ਼ਤਿਆਂ ਵਿੱਚ 1,000 ਮੌ*ਤਾਂ

ਕਾਂਗੋ ਵਿੱਚ ਈਬੋਲਾ ਦੇ ਮੌਜੂਦਾ ਪ੍ਰਕੋਪ ਦਾ ਐਲਾਨ 15 ਮਈ ਨੂੰ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀਆਂ 1,000 ਮੌ*ਤਾਂ ਤੱਕ ਪਹੁੰਚਣ ਵਿੱਚ ਲਗਭਗ ਨੌਂ ਹਫ਼ਤੇ ਲੱਗੇ, ਪਰ ਅਗਲੀਆਂ 1,000 ਮੌ*ਤਾਂ ਸਿਰਫ਼ ਤਿੰਨ ਹਫ਼ਤਿਆਂ ਵਿੱਚ ਹੋ ਗਈਆਂ। ਮੌ*ਤਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਨੇ ਸਿਹਤ ਮਾਹਿਰਾਂ ਅਤੇ ਰਾਹਤ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਇਤਿਹਾਸ ਦਾ ਦੂਜਾ ਵੱਡਾ ਪ੍ਰਕੋਪ

ਕਾਂਗੋ ਵਿੱਚ ਚੱਲ ਰਿਹਾ ਇਹ ਪ੍ਰਕੋਪ ਰਿਕਾਰਡ ’ਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਈਬੋਲਾ ਪ੍ਰਕੋਪ ਬਣ ਗਿਆ ਹੈ। ਇਸ ਤੋਂ ਪਹਿਲਾਂ 2014 ਤੋਂ 2016 ਦਰਮਿਆਨ ਪੱਛਮੀ ਅਫਰੀਕਾ ਵਿੱਚ ਸਭ ਤੋਂ ਵੱਡਾ ਪ੍ਰਕੋਪ ਦੇਖਿਆ ਗਿਆ ਸੀ, ਜਿਸ ਵਿੱਚ 28,000 ਤੋਂ ਵੱਧ ਲੋਕ ਸੰਕਰਮਿਤ ਅਤੇ 11,000 ਤੋਂ ਵੱਧ ਲੋਕਾਂ ਦੀ ਮੌ*ਤ ਹੋਈ ਸੀ।

ਕੀ ਹਨ ਈਬੋਲਾ ਦੇ ਲੱਛਣ?

ਈਬੋਲਾ ਇੱਕ ਗੰਭੀਰ ਵਾਇਰਲ ਬਿਮਾਰੀ ਹੈ, ਜੋ ਸੰਕਰਮਿਤ ਵਿਅਕਤੀ ਦੇ ਖੂਨ ਜਾਂ ਹੋਰ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਰਾਹੀਂ ਫੈਲ ਸਕਦੀ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਕਮਜ਼ੋਰੀ, ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ ਅਤੇ ਦਸਤ ਸ਼ਾਮਲ ਹਨ। ਗੰਭੀਰ ਮਾਮਲਿਆਂ ਵਿੱਚ ਅੰਦਰੂਨੀ ਜਾਂ ਬਾਹਰੀ ਖੂਨ ਵਹਿਣ ਦੀ ਸਮੱਸਿਆ ਵੀ ਹੋ ਸਕਦੀ ਹੈ।