ਈਰਾਨ ਦੇ ਮਿਨਾਬ ਸਕੂਲ ਹਮਲੇ ਦਾ ਦਰਦ: 120 ਬੱਚਿਆਂ ਸਮੇਤ 156 ਲੋਕਾਂ ਦੀ ਮੌ*ਤ, ਅਧਿਆਪਕਾ ਨੇ ਸੁਣਾਈ ਦਿਲ ਦਹਿਲਾ ਦੇਣ ਵਾਲੀ ਕਹਾਣੀ

11

August 10,2026 Aj Di Awaaj

International Desk: ਈਰਾਨ ਦੇ ਦੱਖਣੀ ਸ਼ਹਿਰ ਮਿਨਾਬ ਵਿੱਚ ਕਰੀਬ ਪੰਜ ਮਹੀਨੇ ਪਹਿਲਾਂ ਹੋਏ ਸਕੂਲ ਹਮਲੇ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਜ਼ਖ਼ਮ ਤਾਜ਼ਾ ਕਰ ਦਿੰਦੀਆਂ ਹਨ। ਇਸ ਹਮਲੇ ਵਿੱਚ 120 ਬੱਚਿਆਂ ਸਮੇਤ ਕੁੱਲ 156 ਲੋਕਾਂ ਦੀ ਮੌ*ਤ ਹੋ ਗਈ ਸੀ। ਜਿੱਥੇ ਕਦੇ ਬੱਚਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ, ਉੱਥੇ ਹੁਣ ਸਿਰਫ਼ ਮਲਬਾ ਅਤੇ ਤਬਾਹੀ ਦੇ ਨਿਸ਼ਾਨ ਨਜ਼ਰ ਆਉਂਦੇ ਹਨ।

ਸ਼ਜਰੇਹ ਤੱਯਬੇਹ ਪ੍ਰਾਇਮਰੀ ਸਕੂਲ ਨੂੰ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਸ਼ੁਰੂ ਹੋਣ ਦੇ ਪਹਿਲੇ ਦਿਨ ਨਿਸ਼ਾਨਾ ਬਣਾਇਆ ਗਿਆ ਸੀ। ਰਿਪੋਰਟ ਮੁਤਾਬਕ ਸਕੂਲ ‘ਤੇ ਅਮਰੀਕੀ ਟੋਮਾਹਾਕ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਹਮਲੇ ਕਾਰਨ ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਬੱਚੇ ਮਲਬੇ ਹੇਠਾਂ ਦੱਬ ਗਏ।

ਸਕੂਲ ਦੀ ਸਾਬਕਾ ਅਧਿਆਪਕਾ ਅਮਾਇਨੇਹ ਨਦੀਮੀ ਨੇ ਉਸ ਭਿਆਨਕ ਦਿਨ ਨੂੰ ਯਾਦ ਕਰਦਿਆਂ ਕਿਹਾ ਕਿ ਹੁਣ ਉਸ ਥਾਂ ਨੂੰ ਸਕੂਲ ਕਹਿਣਾ ਵੀ ਮੁਸ਼ਕਲ ਹੈ। ਉੱਥੇ ਸਿਰਫ਼ ਟੁੱਟੀਆਂ ਕੰਧਾਂ ਅਤੇ ਤਬਾਹੀ ਦੇ ਨਿਸ਼ਾਨ ਬਚੇ ਹਨ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਉਨ੍ਹਾਂ ਨੇ ਕਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਨੰਗੇ ਪੈਰ ਸਕੂਲ ਵੱਲ ਦੌੜਦੇ ਦੇਖਿਆ।

ਅਮਾਇਨੇਹ ਨੇ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਸੀ ਕਿ ਸਾਰੇ ਬੱਚੇ ਬਾਹਰ ਨਿਕਲ ਗਏ ਹੋਣਗੇ, ਪਰ ਬਾਅਦ ਵਿੱਚ ਪਤਾ ਲੱਗਾ ਕਿ ਕਈ ਬੱਚੇ ਮਲਬੇ ਹੇਠਾਂ ਦੱਬੇ ਹੋਏ ਸਨ। ਉਹ ਛੇ ਸਾਲ ਤੱਕ ਇਸ ਸਕੂਲ ਵਿੱਚ ਪਹਿਲੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਂਦੀ ਰਹੀ ਸੀ।

ਮਲਬੇ ਵਿੱਚੋਂ ਮਿਲੀ ਬੱਚੀ ਦੀ ਕਾਪੀ

ਰਾਹਤ ਅਤੇ ਬਚਾਅ ਕਰਮਚਾਰੀਆਂ ਨੂੰ ਮਲਬਾ ਹਟਾਉਂਦੇ ਸਮੇਂ ਅੱਠ ਸਾਲਾ ਮਾਹਿਆ ਸਲਾਰੀ ਦੀ ਇੱਕ ਕਾਪੀ ਮਿਲੀ। ਕਾਪੀ ਦੇ ਕਈ ਪੰਨੇ ਸੁਰੱਖਿਅਤ ਸਨ। ਮਾਹਿਆ ਆਪਣੇ ਛੋਟੇ ਭਰਾ ਅਲੀ ਨਾਲ ਸਕੂਲ ਵਿੱਚ ਸੀ। ਹਮਲੇ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਲੈਣ ਸਕੂਲ ਪਹੁੰਚੀ ਸੀ, ਪਰ ਹਮਲੇ ਵਿੱਚ ਤਿੰਨਾਂ ਦੀ ਮੌਤ ਹੋ ਗਈ।

ਮਿਨਾਬ ਦੀਆਂ ਕੰਧਾਂ ਅਤੇ ਦੁਕਾਨਾਂ ‘ਤੇ ਹੁਣ ਹਮਲੇ ਵਿੱਚ ਮਾਰੇ ਗਏ ਬੱਚਿਆਂ ਦੀਆਂ ਵੱਡੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਹ ਤਸਵੀਰਾਂ ਲੋਕਾਂ ਲਈ ਉਸ ਤ੍ਰਾਸਦੀ ਅਤੇ ਜੰਗ ਦੀ ਭਿਆਨਕ ਕੀਮਤ ਦੀ ਯਾਦ ਬਣ ਚੁੱਕੀਆਂ ਹਨ।

ਕਬਰਸਤਾਨ ਵਿੱਚ ਮਾਸੂਮਾਂ ਦੀਆਂ ਛੋਟੀਆਂ-ਛੋਟੀਆਂ ਕਬਰਾਂ

ਮਿਨਾਬ ਦੇ ਕਬਰਸਤਾਨ ਵਿੱਚ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਕਬਰਾਂ ਦੀਆਂ ਕਤਾਰਾਂ ਇਸ ਤ੍ਰਾਸਦੀ ਦਾ ਦਰਦ ਬਿਆਨ ਕਰਦੀਆਂ ਹਨ। ਨੌਂ ਸਾਲਾ ਸਤਾਏਸ਼ ਦੀ ਮਾਂ ਮਾਸੂਮੇਹ ਮੇਹਰਾਨ ਸ਼ੇਖਬਾਦੀ ਲਗਭਗ ਹਰ ਰੋਜ਼ ਆਪਣੀ ਧੀ ਦੀ ਕਬਰ ‘ਤੇ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਉੱਥੇ ਧੂੰਆਂ ਅਤੇ ਸੜੇ ਹੋਏ ਲੋਕਾਂ ਦੀ ਤੇਜ਼ ਬਦਬੂ ਸੀ। ਮਲਬੇ ਵਿਚਕਾਰ ਉਨ੍ਹਾਂ ਨੂੰ ਸਰੀਰ ਦੇ ਅੰਗ ਵੀ ਦਿਖਾਈ ਦਿੱਤੇ। ਉਨ੍ਹਾਂ ਮੁਤਾਬਕ ਉਸ ਭਿਆਨਕ ਮੰਜ਼ਰ ਨੂੰ ਭੁੱਲ ਪਾਉਣਾ ਬੇਹੱਦ ਮੁਸ਼ਕਲ ਹੈ।

ਮਿਨਾਬ ਵਿੱਚ ਅੱਜ ਵੀ ਸਕੂਲ ਦਾ ਮਲਬਾ, ਬੱਚਿਆਂ ਦੀਆਂ ਤਸਵੀਰਾਂ ਅਤੇ ਕਬਰਸਤਾਨ ਦੀਆਂ ਕਤਾਰਾਂ ਉਸ ਹਮਲੇ ਦੀ ਭਿਆਨਕ ਯਾਦ ਨੂੰ ਜ਼ਿੰਦਾ ਰੱਖ ਰਹੀਆਂ ਹਨ। ਸਥਾਨਕ ਲੋਕਾਂ ਲਈ ਇਹ ਸਿਰਫ਼ ਜੰਗ ਦੀ ਇੱਕ ਘਟਨਾ ਨਹੀਂ, ਸਗੋਂ ਸੈਂਕੜੇ ਪਰਿਵਾਰਾਂ ਦੀ ਜ਼ਿੰਦਗੀ ਬਦਲ ਦੇਣ ਵਾਲੀ ਵੱਡੀ ਤ੍ਰਾਸਦੀ ਹੈ।